ਪੰਨਾ:ਪੱਕੀ ਵੰਡ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਸੁੱਚੇ ਮੋਤੀ ਕਿਸੇ ਗੁਲਾਬ ਦੀਆਂ ਪੱਤੀਆਂ ਵਿਚ ਟਿਕਾਏ ਹੋਣ। ਨੀਲੀਆਂ ਸੁੰਦਰ ਅੱਖਾਂ। ਰਸ ਘੋਲਦੀ ਸੁਰੀਲੀ ਅਵਾਜ ਹੁਣ ਵੀ ਉਹਦੇ ਕੰਨਾਂ ਨੂੰ ਟਕਰਾ ਰਹੀ ਸੀ। ਖਿਆਲਾਂ ਵਿਚ ਮਗਨ ਉਹ ਚੱਕੀ ਤੇ ਪਹੁੰਚ ਗਿਆ।

ਪਾਕਿਸਤਾਨੋ ਆਏ ਹੋਏ ਖੱਤਰੀਆਂ ਦੀ ਚੱਕੀ ਐਨ ਸੂਏ ਉੱਤੇ ਸੀ। ਉਸ ਤੱਕੜ ਤੇ ਦਾਣੇ ਤੁਲਾਏ ਅਤੇ ਤੋਲਣ ਵਾਲੇ ਮੁੰਡੇ, ਜਿਸ ਦੀ ਉਮਰ ਵੀਹ ਬਾਈ ਸਾਲ ਦੀ ਸੀ, ਥੈਲੇ ਤੇ ਨੰਬਰ ਲਾਉਂਦਿਆਂ ਕਿਹਾ, "ਯਾਰਾ, ਬੈਂਚ ਤੇ ਬੈਠ ਜਾ। ਇੱਕ ਅੱਧ ਗੰਢ ਹੋਰ ਆ ਜਾਏ। ਨਾਲੇ ਮਿਸਤਰੀ ਪਟਾ ਗੰਢ ਲਵੇ। ਫਿਰ ਕੱਢ ਦਿੰਦਾ ਹਾਂ।"

ਗੁਰਜੀਤ ਪਰਾਂ ਤੂਤ ਹੇਠਾਂ ਪਏ ਤਖਤਪੋਸ਼ ਤੇ ਜਾ ਬੈਠਾ। ਉਹਦੀ ਸੁਰਤੀ ਅਜੇ ਵੀ ਮਲਵਈ ਦੇ ਚਿੰਨ੍ਹ ਚੱਕਰ ਨਿਹਾਰ ਰਹੀ ਸੀ। ਅਜੇ ਬੈਠੇ ਨੂੰ ਕੋਈ ਪੰਦਰਾਂ ਮਿੰਟ ਹੀ ਹੋਏ ਸਨ ਕਿ ਪਿੰਡ ਵਲੋਂ ਕੱਲਰ ਵਿਚ ਗੰਢ ਚੁੱਕੀ ਆਉਂਦੇ ਮੁੰਡੇ ਤੇ ਉਹਦੀ ਨਜ਼ਰ ਪਈ। ਉਹਦਾ ਅੰਗ-ਅੰਗ ਖਿੜ ਉੱਠਿਆ। ਇਹ ਤਾਂ ਉਹ ਹੀ ਮਲਵਈ ਮੁੰਡਾ ਸੀ। ਉਹਦਾ ਦਿਲ ਕੀਤਾ ਕਿ ਅਗਲ ਵਾਂਡੀ ਹੋ ਉਸ ਤੋਂ ਪੰਡ ਚਕ ਲਵਾਂ। ਹੇਠਾਂ ਪਈ ਜੁੱਤੀ ਵਿਚ ਉਸ ਪੈਰ ਪਾਏ।

ਪਰ ਐਨੇ ਨੂੰ ਮਲਵਈ ਨੇੜੇ ਆ ਗਿਆ ਤੇ ਮੁਸਕਾਂਦੇ ਨੇ ਕਿਹਾ, "ਮੈਂ ਕਿਹਾ ਬਾਈ ਜੀਤ ਆਟਾ ਪਿਸਾਉਣ ਗਿਆ ਏ ਮੈਂ ਵੀ ਬਲਦਾਂ ਲਈ ਵੰਡ ਦਲਾ ਲਿਆਵਾਂ।" ਅਤੇ ਉਸ ਗੰਢ ਤੱਕੜ ਤੇ ਰੱਖ ਦਿੱਤੀ।

ਤੋਲਣ ਵਾਲੇ ਨੇ ਵੱਟਾ ਰੱਖਦਿਆਂ ਕਿਹਾ, "ਮੀਤਿਆ, ਆਟਾ ਤਾਂ ਤੂੰ ਪਰਸੋਂ ਪਿਹਾਇਆ ਸੀ। ਮੁੱਕ ਵੀ ਗਿਆ?"

ਮੀਤੇ ਨੇ ਕਿਹਾ, "ਬਲਦਾਂ ਲਈ ਦਾਣਾ ਏ। ਜਰਾ ਮੋਟਾ ਰੱਖੀਂ। ਕਿਤੇ ਆਟਾ ਕਰ ਦੇਵੇਂ।" ਅਤੇ ਕਹਿੰਦਾ ਕਹਿੰਦਾ ਗੁਰਜੀਤ ਦੇ ਕੋਲ ਆ ਬੈਠਾ ਜਿਥੇ ਗੁਰਜੀਤ ਨੇ ਥੋੜ੍ਹਾ ਸਰਕ ਕੇ ਉਹਦੇ ਬੈਠਣ ਲਈ ਥਾਂ ਬਣਾਈ। ਮੀਤੇ ਨੇ ਬਹਿੰਦਿਆਂ ਹੀ ਕਿਹਾ, "ਮੈਂ ਕਿਹਾ ਚਲੋ ਨਾਲੇ ਵੰਡਾ ਲਾ ਲਿਆਵਾਂਗੇ, ਨਾਲੇ ਬਾਈ ਨਾਲ ਹੋਰ ਵਾਕਫੀ ਕਰ ਲਵਾਂਗੇ। ਨਾਲੇ ਦੇਵੀ ਦੇ ਦਰਸ਼ਨ ਨਾਲੇ ਵੰਝਾਂ ਦਾ ਵਪਾਰ।"

41