ਪੰਨਾ:ਪੱਕੀ ਵੰਡ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੰਜ ਛੇ ਦਿਨ ਉਹਨੂੰ ਪੰਜ ਛੇ ਸਾਲਾਂ ਵਾਂਗ ਲਗੇ। ਚਾਹ ਦਾ ਘੁੱਟ ਵੀ ਨਾ ਉਹਦੇ ਸੰਘੋ ਲੰਘਿਆ। ਅਤੇ ਉਹ ਉਠ ਕੇ ਖੜਾ ਹੋ ਗਿਆ, "ਚੰਗਾ ਮਾਂ ਜੀ, ਜਦੋਂ ਵੀ ਆਵੇ, ਆਖ ਦਿਓ ਨਾਲ ਦੇ ਪਿੰਡਾਂ ਮੀਤਾ ਆਇਆ ਸੀ। ਕੋਈ ਜ਼ਰੂਰੀ ਕੰਮ ਏ, ਆਉਂਦਾ ਹੀ ਮਿਲੇ।"

ਮਾਂ ਨੇ ਬੜਾ ਜ਼ੋਰ ਕੀਤਾ, "ਬੇਟਾ, ਰੋਟੀ ਦਾ ਵੇਲਾ ਏ।"

ਪਰ ਮੀਤਾ ਸੁਨੇਹਾ ਦੇ ਕੇ ਬਾਹਰ ਨਿਕਲ ਗਿਆ ਮਤ ਮਾਂ ਅੱਖਾਂ ਦੇ ਹੰਝੂ ਵੇਖ ਲਵੇ। ਜੇ ਉਹਦੇ ਵਸ ਹੁੰਦਾ ਉਹ ਉਡ ਕੇ ਉਥੇ ਹੀ ਚਲਾ ਜਾਂਦਾ, ਜਿਥੇ ਗੁਰਜੀਤ ਗਿਆ ਸੀ।

ਗੁਰਜੀਤ ਉਸੇ ਦਿਨ ਹੀ ਮੁੜ ਆਇਆ। ਉਹਦਾ ਕਿਹੜਾ ਮੀਤੇ ਬਿਨਾਂ ਦਿਲ ਲਗਦਾ ਸੀ। ਉਹ ਪਹਿਲਾਂ ਦੋ ਦਿਨ ਬੁਖਾਰ ਵਿੱਚ ਹੀ ਮਿਲਣ ਨੂੰ ਤੜਫਦਾ ਰਿਹਾ ਅਤੇ ਫਿਰ ਨਾਨਕਿਆਂ ਤੋਂ ਵੀ ਉਸ ਨੇ ਭੱਜੋ ਨੱਠੇ ਹੀ ਕੀਤੀ। ਛਿਪਦੇ ਦਿਨ ਨਾਲ ਉਸ ਖੇਤਾਂ ਵਿੱਚ ਉਰਾਂ ਪਰ੍ਹਾਂ ਨਿਗਾਹ ਮਾਰੀ। ਕੋਈ ਨਾ ਦਿਸਿਆ। ਸ਼ਾਇਦ ਪੱਠੇ ਦੱਥੇ ਲੈ ਕੇ ਚਲੇ ਗਏ ਹੋਣਗੇ। ਨਿਰਾਸ਼ਾ ਹੋਈ, ਚੱਲੋ ਸਵੇਰੇ ਮਿਲਾਂਗੇ। ਪਰ ਮੁੜਿਆ ਨਾ ਗਿਆ। ਆ ਤਾਂ ਗਿਆ। ਘਰ ਈ ਚੱਲ ਮਿਲਾਂ। ਪੱਠਿਆਂ ਵਾਲੇ ਟੱਕ ਕੋਲ ਆਇਆ। ਜਿੱਥੇ ਉਹ ਪੰਜ ਦਿਨ ਪਹਿਲਾਂ ਤੱਕ ਛੱਡ ਕੇ ਗਿਆ ਸੀ ਐਵੇਂ ਮਾੜਾ ਮੋਟਾ ਅੱਗੇ ਵੱਢੇ ਹੋਏ ਸਨ। ਏਨੇ ਦਿਨ ਪਸ਼ੂਆਂ ਨੂੰ ਕੀ ਪਾਇਆ? ਸੁੱਕੀ ਤੂੜੀ ਤੇ ਦਾਣੇ ਤੇ ਹੀ ਸਾਰਦੇ ਰਹੇ? ਅਤੇ ਉਹ ਖੇਤੋਂ ਨਿਕਲ ਪਿੰਡ ਨੂੰ ਪਹੇ ਪੈ ਗਿਆ। ਜਦ ਪਿੰਡ ਨੇੜੇ ਆਇਆ ਤਾਂ ਸੂਰਜ ਛਿਪ ਚੁੱਕਾ ਸੀ ਅਤੇ ਵਿੱਕੀ ਜਿਹੀ ਸਿਆਹੀ ਫੈਲ ਗਈ ਸੀ। ਪੱਠਿਆਂ ਦੀ ਪੰਡ ਚੱਕੀ ਜਾਂਦੇ ਇਕ ਬੰਦੇ ਨੂੰ ਉਸ ਪੁੱਛਿਆ, "ਬਾਈ ਸਿਆਂ, ਮੈਂ ਮੀਤੇ ਹੋਰਾਂ ਦੇ ਘਰ ਜਾਣਾ ਏ।"

ਪੰਡ ਚੁੱਕੀ ਜਾਂਦੇ ਬੰਦੇ ਨੇ ਕਿਹਾ, "ਆ ਜਾ ਮੇਰੇ ਨਾਲ, ਮੈਂ ਵੀ ਉਪਰ ਹੀ ਜਾਣਾ ਏ।"

ਅਤੇ ਉਹ ਦੋ ਤਿੰਨ ਵਿੰਗੀਆਂ ਟੇਢੀਆਂ ਗਲੀਆਂ ਲੰਘ ਪਿੰਡ ਦੇ ਛਿਪਦੇ ਪਾਸੇ ਚਲੇ ਗਏ ਜਿੱਥੇ ਇੱਕ ਵੱਡੇ ਸਾਰੇ ਲੋਹੇ ਦੇ ਗੇਟ ਵੱਲ ਹੱਥ ਕਰਕੇ ਉਸ ਕਿਹਾ,

50