ਪੰਨਾ:ਪੱਕੀ ਵੰਡ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਆਹ ਘਰ ਆ, ਬਾਈ ਸਿਆਂ" ਅਤੇ ਨਾਲ ਹੀ ਵਾਜ ਵੀ ਮਾਰ ਦਿੱਤੀ, "ਬਾਈ ਮਿੱਤ ਸਿਆਂ।"

ਅੰਦਰੋਂ ਇਕ ਪੱਕੀ ਜਿਹੀ ਅਵਾਜ ਆਈ। "ਕੌਣ ਆ ਬਾਈ?"

ਪੰਡ ਵਾਲੇ ਨੇ ਕਿਹਾ, "ਬਾਈ, ਆਈਂ ਕੇਹਾਂ।"

ਵੱਡੇ ਫਾਟਕ ਵਿਚੋਂ ਛੋਟੀ ਬਾਰੀ ਥਾਣੀ ਇੱਕ ਅੱਧਖੜ ਜਿਹਾ ਬੰਦਾ ਬਾਹਰ ਆਇਆ। ਪੰਡ ਵਾਲਾ ਇਹ ਕਹਿ ਕੇ ਅੱਗੇ ਤੁਰ ਗਿਆ, "ਬਾਈ ਸਿਆਂ, ਆਹ ਕੋਈ ਥੋਡੇ ਮਿਲਣ ਵਾਲਾ ਏ।"

ਅਤੇ ਮਿੱਤ ਸਿੰਘ ਗੁਰਜੀਤ ਦੇ ਨੇੜੇ ਆਇਆ, "ਸਾਂੱਸਰੀ ਅਕਾਲ! ਆਓ ਕਿੱਥੋਂ ਆਏ, ਬਾਈ?"

ਗੁਰਜੀਤ ਨੇ ਉਹਦੀ ਗੱਲ ਦਾ ਉਤਰ ਤਾਂ ਨਾਂ ਦਿੱਤਾ। ਪੁੱਛਿਆ, "ਬਾਈ ਸਿਆਂ, ਮੈਂ ਬਾਬੇ ਕਪੂਰ ਸਿੰਘ ਹੋਰਾਂ ਦੇ ਜਾਣਾ ਏ।"

"ਅੱਛਾ-ਅੱਛਾ, ਦੁਆਬੇ ਵਾਲਿਆਂ ਦੇ। ਉਹ ਤਾਂ ਬਾਈ ਸਿਆਂ ਚੜ੍ਹਦੇ ਬੰਨੇ ਫਿਰਨੀ ਦੇ ਉੱਤੇ ਘਰ ਏ। ਆਓ! ਫਿਰ ਅੰਨ ਪਾਣੀ ਦਾ ਵੇਲਾ ਏ।"

ਪਰ ਗੁਰਜੀਤ ਉਹਦਾ ਧੰਨਵਾਦ ਕਰਦਾ ਹੋਇਆ ਗਲੀ ਪੈ ਗਿਆ।

ਮਿੱਤ ਸਿੰਘ ਉਚੀ-ਉਚੀ ਕਹਿੰਦਾ ਰਿਹਾ, "ਬਾਈ ਸਿਆਂ, ਸੱਜੇ ਹੱਥ ਵਾਲੀ ਗਲੀ ਮੁੜਕੇ, ਫਿਰ ਖੱਬੇ ਤੇ ਫਿਰ ਸੱਜੇ ਤੇ ਅੱਗੇ ਫਿਰਨੀ ਤੇ ਘਰ ਆ।

ਪਰ ਗੁਰਜੀਤ ਉਹਨਾਂ ਗਲੀਆਂ ਤੋਂ ਹੁੰਦਾ ਹੋਇਆ ਬਾਹਰ ਫਿਰਨੀ ਉੱਤੇ ਆ ਗਿਆ। ਦੋ ਨਿਆਣੇ ਮਿੱਟੀ ਵਿੱਚ ਤੁਰ ਰਹੇ ਸਨ। ਉਸ ਉਹਨਾਂ ਨੂੰ ਪੁੱਛਿਆ, ਨਿਆਣਿਉਂ, ਭਲਾ ਬਾਬੇ ਕਪੂਰ ਸਿੰਘ ਦਾ ਘਰ ਕਿਹੜਾ ਏ?"

"ਦੁਆਬੀਆਂ ਦਾ?"

"ਹਾਂ - ਹਾਂ ਦੁਆਬੀਆਂ ਦਾ।"

ਉਹਨਾਂ ਕਿਹਾ, "ਆਹ ਕੋਟ ਉਹਨਾਂ ਦਾ ਏ। ਉਹ ਅਗਾਂਹ ਫਾਟਕ ਵਾਲਾ ਦਰਵਾਜਾ।"

ਉਹ ਫਾਟਕ ਦੇ ਸਾਹਮਣੇ ਗਿਆ। ਏਥੇ ਹੀ ਪਹਿਲਾਂ ਉਹਨੂੰ ਪੰਡ ਵਾਲਾ

55