ਪੰਨਾ:ਪੱਕੀ ਵੰਡ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਥੋੜਾ ਜਿਹਾ ਸਰਕਿਆ ਅਤੇ ਇਕ ਵੱਡੀ ਸਾਰੀ ਸੁਨਿਹਰੀ ਕਿਰਨ ਪੱਤਿਆਂ ਵਿਚੋਂ ਪਲੰਮ ਪਈ ਅਤੇ ਸ਼ੈਹਨਾਜ਼ ਦੇ ਚਿਹਰੇ ਤੇ ਸੋਨੇ ਦਾ ਲੇਪ ਕਰ ਦਿੱਤਾ ਜਿਸ ਨਾਲ ਸੁੱਤੇ ਪਏ ਰੂਪ ਦੀ ਨੀਂਦ ਟੁੱਟ ਗਈ ਅਤੇ ਕੰਵਲ ਪੱਤਿਆਂ ਵਰਗੀਆਂ ਪਲਕਾਂ ਹੌਲੀ-ਹੌਲੀ ਉਠੀਆਂ। ਚਾਰ ਸੁੰਦਰ ਖੁਮਾਰ ਭਰੀਆਂ ਅੱਖਾਂ ਆਪਸ ਵਿਚ ਗੱਡ-ਅੱਡ ਹੋ ਗਈਆਂ। ਦੋ ਹੱਥ ਅਦਾਬ ਵਜੋਂ ਮੱਥੇ ਤਕ ਚਲੇ ਗਏ।

ਸ਼ੈਹਨਾਜ਼ ਉੱਠ ਕੇ ਬੈਠ ਗਈ। ਪਰ ਉੱਠਣ ਲੱਗਿਆਂ ਮੁਲਾਇਮ ਨਾਜੁਕ ਕੂਲਾ ਹੱਥ ਸਲੀਮ ਦੇ ਹੱਥਾਂ ਵਿਚ ਆ ਗਿਆ। ਇਕ ਝਟਕੇ ਨਾਲ ਦਿਲ ਧੜਕੇ ਅਤੇ ਪ੍ਰੇਮ ਮੁਗਧ ਹੋ ਗਏ। ਚੰਦਰਮਾਂ ਦੇ ਮੁਖੜੇ ਤੇ ਮੁੜਕੇ ਦੇ ਨਿੱਕੇ-ਨਿੱਕੇ ਮੋਤੀ ਉਭਰੇ। ਮੱਧ ਮਸਤ ਅੱਖਾਂ ਵਿਚ ਗੁਲਾਬੀ ਪੀਘਾਂ ਲਹਿਰਾ ਗਈਆਂ। ਇਕ ਅਦਿੱਖ ਤੀਰ ਦੋ ਦਿਲਾਂ ਵਿਚੋਂ ਵਿੰਨ ਕੇ ਨਿਕਲ ਗਿਆ ਤੇ ਦੋਹਾਂ ਨੂੰ ਮਿੱਠਾ-ਮਿੱਠਾ ਦਰਦ ਦੇ ਗਿਆ।

"ਗੁਸਤਾਖੀ ਨਾ ਸਮਝੋ ਤਾਂ ਹੱਥ ਚੁੰਮਣ ਦਾ ਸ਼ਰਫ ਬਖਸ਼ੋ।" ਸਲੀਮ ਨੇ ਕੰਬਦੀ ਜਬਾਨ ਨਾਲ ਸਰਗੋਸ਼ੀ ਕੀਤੀ।

"ਜਦੋਂ ਹੱਥ ਹੱਥ ਵਿਚ ਆ ਹੀ ਗਿਆ ਤਾਂ ਪੁਛਣਾ ਕੀ?" ਸ਼ੈਹਨਾਜ਼ ਨੇ ਦਿਲ ਹੀ ਦਿਲ ਵਿਚ ਕਿਹਾ ਪਰ ਹੱਥ ਖਿਚਣ ਦੀ ਕੋਸ਼ਿਸ਼ ਨਾ ਕੀਤੀ ਅਤੇ ਨਜ਼ਰ ਨੀਵੀਂ ਕਰ ਲਈ ਜੋ ਹਾਂ ਦੀ ਪ੍ਰਤੀਕ ਸੀ।

ਸਲੀਮ ਨੇ ਹੱਥ ਮੱਥੇ ਤੇ ਘੁਟਿਆ ਫਿਰ ਪਿਆਸੇ ਤਪਦੇ ਹੋਂਠ ਹੱਥ ਤੇ ਧਰ ਦਿੱਤੇ। ਦੋਹੀਂ ਪਾਸੀਂ ਮਿੱਠੀ ਜਿਹੀ ਪੀੜ ਹੋਰ ਵਧ ਗਈ। ਦੋ ਅਨਜਾਣ ਮੁਸਾਫਿਰ ਪਿਆਰ ਪੰਧ ਪੈ ਗਏ। ਦੋਵੇਂ ਇਕ ਦੂਜੇ ਨੂੰ ਜਾਣਦੇ ਨਹੀਂ ਸਨ ਪਰ ਖੁਮਾਰ ਭਰੀਆਂ ਮੱਦਮਾਤੀ, ਸਰਬਤੀ ਅਤੇ ਨੀਲੀਆਂ ਅੱਖਾਂ ਜਿਵੇਂ ਜਨਮ-ਜਨਮ ਤੋਂ ਜਾਣੂ ਸਨ। ਚਾਰ ਚੁਫੇਰਿਉਂ ਬੇਖਬਰ ਦੋਵੇਂ ਇਕ ਦੂਜੇ ਵਿਚ ਗਵਾਚ ਗਏ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਰਸ਼ੀਦਾਂ ਦੋ ਵਾਰ ਉਹਨਾਂ ਦੇ ਕੋਲੋਂ ਭੇਡਾਂ ਮੋੜ ਕੇ ਲੈ ਗਈ ਸੀ।

ਸੂਰਜ ਨੇ ਤੀਜੇ ਪਹਿਰ ਦਾ ਪੰਧ ਪੂਰਾ ਕਰ ਲਿਆ ਅਤੇ ਛਿਪਦੇ ਵਲ ਤਿਲਕਣ ਲੱਗਾ ਜਿਵੇਂ ਥੱਕ ਗਿਆ ਹੋਵੇ।

71