ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲਮ ਵਰਗੀ। ਤਿੱਖਾ ਨੱਕ ਉਹਦੇ ਮੂੰਹ ਦਾ ਸ਼ਿੰਗਾਰ ਸੀ। ਸ਼ਾਇਦ ਉਮਰ ਪੱਕਣ ਕਰਕੇ ਉਸਦੀ ਨੱਕ ਦੀ ਇਕ ਨਾਸ ਟੇਢੀ ਸੀ ਪਰ ਇਸ ਘਾਟ ਨੂੰ ਉਸ ਧੇਲੇ ਜਿੱਡਾ ਲੌਂਗ ਪਾ ਕੇ ਪੂਰਾ ਕੀਤਾ ਹੋਇਆ ਸੀ ਅਤੇ ਉਹਦੇ ਪਤਲੇ ਹੋਂਠਾਂ ਵਿਚ ਚਮਕਦੇ ਦੰਦਾਂ ਨਾਲ ਹਰ ਪੱਖੋਂ ਜਚਵੀਂ ਸੀ।

ਬੰਤੇ ਦੀਆਂ ਅੱਖਾਂ ਦਾ ਪ੍ਰਭਾਵ ਵੱਡੀ ਕੁੜੀ ਜੀਤੋ ਤੇ ਪਿਆ ਸੀ ਜਿਸਦੇ ਚਿਹਰੇ ਤੇ ਗਿਣਵੇਂ ਮਾਤਾ ਦੇ ਦਾਗ ਹੁੰਦਿਆਂ ਵੀ ਉਹ ਕਾਫੀ ਸੁਨੱਖੀ ਸੀ। ਪਰ ਅੱਖਾਂ! ਤੌਬਾ-ਤੌਬਾ! ਮੋਟੀਆਂ ਕਾਲੀਆਂ, ਧੀਰੀਆਂ। ਅੱਠਾਂ ਦੇ ਚੰਨ ਵਾਂਗ ਅੱਧੀਆਂ ਉਪਰ ਪਲਕਾਂ ਹੇਠਾਂ ਢਕੀਆਂ ਰਹਿੰਦੀਆਂ ਅਤੇ ਅੱਧੀਆਂ ਖੁਮਾਰ ਖੀਵੀਆਂ, ਨੂਰੋ ਨੂਰ, ਹਰ ਦਿਲ ਨੂੰ ਵਿੰਨ ਕੇ ਰੱਖ ਦਿੰਦੀਆਂ। ਬਾਂਡੇ ਨੇ ਜੀਤੋ ਵਾਸਤੇ ਵਰ ਵੀ ਬੜਾ ਢੁਕਵਾਂ ਲੱਭਿਆ ਜੋ ਜੀਤੋ ਨਾਲ ਜਚਵਾਂ ਸੀ। ਛੋਟੀ ਕੁੜੀ ਲਾਜੋ ਨੂੰ ਮਨਭਰੀ ਆਪਣੇ ਉੱਤੇ ਲੈ ਗਈ ਸੀ। ਉਹ ਅਜੇ ਗਿਆਰਵੀਂ ਬਾਰਵੇਂ ਸੀ।

ਸੋਹਣ ਇਹਨਾਂ ਚਾਰ ਜੀਆਂ ਨੂੰ ਤਾਂ ਜਾਣਦਾ ਸੀ ਪਰ ਉਸ ਘਰ ਇਕ ਪੰਜਵਾਂ ਜੀਅ ਵੀ ਸੀ ਜੋ ਉਸ ਲਈ ਇਕ ਗੋਰਖ ਧੰਦਾ ਸੀ - ਯਾਨੀ ਦਿਮਾਗੀ ਉਲਝਣ ਸੀ ਜੋ ਸੁਲਝ ਨਹੀਂ ਸੀ ਰਹੀ। ਉਹ ਸੁਲਝਾ ਲੈਂਦਾ ਜੇ ਉਹਨਾਂ ਦੇ ਖੂਹ ਉੱਤੇ ਦੋ ਮਾਹਲਾਂ, ਦੋ ਹਲਟ, ਦੋ ਪੈੜਨਾਂ, ਦੋ ਔਲੂ ਅਤੇ ਅੱਡੋ-ਅੱਡ ਖਾਲਾਂ ਨਾ ਹੁੰਦੀਆਂ ਕਿਉਂਕਿ ਸਾਂਝੇ ਥਾਂ ਕਦੀ ਨਾ ਕਦੀ ਗਲ ਚਲ ਹੀ ਪੈਂਦੀ ਹੈ, ਬੋਲ ਚਾਲ ਹੋ ਹੀ ਜਾਂਦੀ ਹੈ। ਪਰ ਅੱਡੋ ਅੱਡ ਸਾਂਮਾਂ ਹੋਣ ਕਰਕੇ ਬੰਤਾ ਆਉਂਦਾ, ਆਪਣਾ ਹਲਟ ਜੋੜਦਾ, ਆਪਣੀ ਖ਼ਾਲ ਪਾਣੀ ਲਾਉਂਦਾ ਅਤੇ ਆਪਣੇ ਧਿਆਨ ਬਲਦ ਹਿੱਕਣ ਲਗ ਜਾਂਦਾ। ਇਸ ਕਰਕੇ ਵਾਕਫੀ ਵਧਣ ਨੂੰ ਬਰੇਕਾਂ ਲਗੀਆਂ ਰਹੀਆਂ ਅਤੇ ਇਸ ਕਰਕੇ ਹੀ ਪੰਜਵੇਂ ਜੀਅ ਦੀ ਉਲਝਨ ਸੋਹਨ ਤੋਂ ਸੁਲਝ ਨਹੀਂ ਸੀ ਰਹੀ। ਇਹ ਜੀਅ ਇਕ ਔਰਤ ਸੀ ਜਿਹੜੀ ਸਦਾ ਹੀ ਲੰਬੇ ਘੁੰਡ ਵਿਚ ਚੇਹਰੇ ਨੂੰ ਢੱਕੀ ਰੱਖਦੀ ਅਤੇ ਪੂਰੇ ਇਕ ਸਾਲ ਵਿਚ ਸੋਹਨ ਉਸ ਦਾ ਚੇਹਰਾ ਤਾਂ ਕੀ ਇਕ ਕਿਰਨ ਵੀ ਨਹੀਂ ਦੇਖ ਸਕਿਆ।

ਇਹ ਔਰਤ ਕੋਣ ਏ? ਬੰਤੇ ਦੀ ਕੀ ਲਗਦੀ ਏ? ਇਹਦਾ ਨਾਂ?

79