ਪੰਨਾ:ਪੱਕੀ ਵੰਡ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੇਖਕ ਨੇ ਗੁਰਜੀਤ, ਨੂਰੀ, ਮੋਹਨ, ਕਾਦਰ, ਹਾਸ਼ਮ, ਸੁਰਜੀਤ ਕੌਰ, ਬਸੀਰਾਂ ਅਤੇ ਜਾਹਨਾ ਵਰਗੇ ਨੇਕ ਦਿਲ ਮਿਹਨਤੀ ਇਨਸਾਨਾਂ ਦੇ ਵਿਰੋਧ ਵਿਚ ਹੱਡ ਹਰਾਮੀ ਅਤੇ ਈਰਖਾਲੂ ਅਤੇ ਕਮੀਨਗੀ ਦੇ ਪੁੰਜ ਕਾਦਰੀ, ਹਾਕਮ ਅਤੇ ਨਰੈਣੇ ਵਰਗੇ ਪਾਤਰਾਂ ਨੂੰ ਚਿਤਰਿਆ ਹੈ। ਉਹ ਆਪਣੇ ਸਵਾਰਥ ਲਈ ਗਿਰੀਆਂ ਹੋਈਆਂ ਗੱਲਾਂ ਅਤੇ ਹਰਕਤਾਂ ਕਰਦੇ ਹਨ ਪਰ ਅਖੀਰ ਸ਼ਰਮਿੰਦਗੀ ਤੋਂ ਸਿਵਾ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ।

ਕਲਾਕਾਰ ਨੇ ਜੀਵਨ ਤੇ ਮਾਹੌਲ ਦੀ ਕਲਾਤਮਕ ਪੁਨਰ ਸਿਰਜਣਾ ਸਚਿਆਰਤਾ ਦੇ ਨਿਯਮਾਂ ਅਨੁਕੂਲ ਕਰਨੀ ਹੁੰਦੀ ਹੈ। ਇਹਦੇ ਲਈ ਪਹਿਲੀ ਸ਼ਰਤ ਹੁੰਦੀ ਹੈ ਪ੍ਰੋਢ ਜੀਵਨ ਅਨੁਭਵ ਅਤੇ ਉਸਦਾ ਗੰਭੀਰ ਬੋਧ ਅਤੇ ਫਿਰ ਵੇਰਵਿਆਂ ਰਾਹੀਂ ਉਸਨੂੰ ਮੁੜ ਕੇ ਇਕ ਸਜੀਵ ਸ਼ਬਦ-ਚਿਤਰ ਵਿਚ ਪ੍ਰੋਣ ਦੀ ਕਲਾ ਕੌਸ਼ਲਤਾ। ‘ਪੱਕੀ ਵੰਡ’ ਪੰਜਾਬੀ ਪਾਠਕਾਂ ਦੀ ਜਾਣ ਪਹਿਚਾਣ ਇਕ ਅਜਿਹੇ ਲੇਖਕ ਨਾਲ ਕਰਵਾਏਗੀ ਜਿਹੜਾ ਇਕ ਲੇਖਕ ਦੇ ਤੌਰ ਤੇ ਅਜੇ ਤਕ ਆਲੋਚਕਾਂ ਵਲੋਂ ਅਣਗੋਲਿਆ ਹੀ ਰਿਹਾ ਹੈ। ਹੋ ਸਕਦਾ ਹੈ ਸਾਹਿਤਕ ਹਲਕਿਆਂ ਵਿਚ ਮੌਜੂਦ ਮਾਹੌਲ ਇਸ ਕਿਤਾਬ ਤੋਂ ਬਾਅਦ ਵੀ ਨਰੂਲੇ ਵਰਗੇ ਪ੍ਰੋਢ ਕਲਾਕਾਰ ਨੂੰ ਮਾਨਤਾ ਦੇਣ ਤੋਂ ਖੁੰਝ ਜਾਵੇ ਪਰ ਦੇਰ ਅਵੇਰ ਪੰਜਾਬੀ ਕਹਾਣੀ ਦੇ ਇਤਿਹਾਸ ਵਿਚ ਹਰਨਾਮ ਸਿੰਘ ਨਰੂਲਾ ਆਪਣਾ ਸਥਾਨ ਜ਼ਰੂਰ ਪ੍ਰਾਪਤ ਕਰੇਗਾ।

ਔਰਤ-ਮਰਦ ਦਰਮਿਆਨ ਪਿਆਰ ਖਿੱਚ ਦੇ ਸਦੀਵੀ ਤੇ ਸਰਵਵਿਆਪੀ ਸਾਹਿਤਕ ਸਰੋਕਾਰ ਨੂੰ ਜਿਸ ਯਥਾਰਥਕ ਧਰਾਤਲ ਉਤੇ ਹਰਨਾਮ ਸਿੰਘ ਨਰੂਲਾ ਬਿਨਾਂ ਕਿਸੇ ਉਲਾਰ ਦੇ ਆਪਣੀਆਂ ਕਹਾਣੀਆਂ ਦੀ ਹੋਂਦ-ਵਿਧੀ ਦੇ ਮੂਲ ਪੇਰਕ ਵਜੋਂ ਸਿਰਜਣ ਵਿਚ ਕਾਮਯਾਬ ਹੋਇਆ ਹੈ ਉਹ ਕਿਸੇ ਵਿਰਲੇ ਲੇਖਕ ਦੇ ਹੀ ਹਿੱਸੇ ਆਉਂਦਾ ਹੈ। ‘ਪੱਕੀ ਵੰਡ’ ਕਹਾਣੀ ਵਿਚ ਨੂਰੀ ਅਤੇ ਜਾਹਨੇ ਦੇ ਸੰਬੰਧਾਂ ਦਾ ਵਿਕਾਸ ਬੇਹੱਦ ਸੰਖੇਪ ਪਰ ਸੰਪੂਰਨ ਰੂਪ ਵਿਚ ਹੋਇਆ ਹੈ। ਨੂਰੀ ਇਕ ਐਸੀ ਨਾਰੀ ਪਾਤਰ ਹੈ ਜੋ ਆਪਣੀ ਖੁਸ਼ੀ ਦੇ ਆਧਾਰਾਂ ਦੀ ਪਹਿਚਾਣ ਉਹ ਵੀ ਆਪਣੀਆਂ ਸੁਭਾਵਿਕ ਪ੍ਰਤੱਖਣ ਸੁਕਤੀਆਂ ਦੇ ਅਧਾਰ ਤੇ ਭਲੀ ਭਾਂਤ ਕਰਨ ਦੇ ਯੋਗ ਹੈ।

9