ਪੰਨਾ:ਪੱਕੀ ਵੰਡ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੂੜਾਂ ਦੱਬੇ ਮੋਤੀ

ਪਿਆਰੀ ਜਦੋਂ ਦੁਬਾਰਾ ਪਿੰਡ ਆਈ ਤਾਂ ਉਹ ਪਿਆਰੀ ਨਹੀਂ ਜੈਨੀ ਸੀ। ਮਿਸ ਜੈਨੀ। ਪੱਛਮੀ ਲਿਬਾਸ ਵਿੱਚ ਜਦੋਂ ਉਹ ਤਾਰਾਂ ਦੇ ਚੱਕਿਆਂ ਵਾਲੀ ਮੋਟਰ ਕਾਰ ਵਿੱਚੋਂ ਉੱਤਰੀ ਤਾਂ ਰਬੜ ਦੀ ਗੁੱਡੀ ਵਾਂਗ ਲੱਗ ਰਹੀ ਸੀ। ਕਿਸੇ ਦੇ ਪਛਾਣ ਵਿੱਚ ਨਾ ਆਈ। ਪਛਾਣ ਵਿੱਚ ਵੀ ਕੀ ਆਉਣਾ ਸੀ। ਤੇਰਾਂ-ਚੌਦਾਂ ਸਾਲ ਪਹਿਲਾਂ ਇਕ ਨਿੱਕੀ ਜਿਹੀ ਕੁੜੀ ਅਤੇ ਉਹ ਵੀ ਘੱਟੇ-ਮਿੱਟੀ ਅਤੇ ਗੋਹੇ ਵਿਚ ਲਿਬੜੀ ਤੇ ਲੀਰਾਂ ਲਿਪਟੀ ਪਿਆਰੋ ਅਤੇ ਕਿੱਥੇ ਫੁੱਟ ਵਰਗਾ ਗੋਰਾ ਰੰਗ। ਉੱਨੀ ਵੀਹ ਸਾਲ ਦੀ ਭਰ ਜਵਾਨ। ਫਿਰ ਪੱਛਮੀ ਰੰਗ ਢੰਗ, ਸਿਰ ਤੇ ਫੁੱਲਦਾਰ ਹੈਟ, ਯੂਰਪੀ ਢੰਗ ਦੇ ਕੱਟੇ ਹੋਏ ਫੈਸ਼ਨਦਾਰ ਵਾਲ ਅਤੇ ਪੱਟਾਂ ਤੱਕ ਉੱਚੀ ਸਕਰਟ ਯਾਨੀ ਫਰਾਕ, ਪਿੰਡਲੀਆਂ ਤੱਕ ਖਿੱਚੀਆਂ ਮੈਚਿੰਗ ਜੁਰਾਬਾਂ, ਪਤਲੀ ਉਚੀ ਅੱਡੀ ਵਾਲੀ ਗੁਰਗਾਬੀ, ਹੱਥਾਂ ਤੇ ਸਫੈਦ ਦਸਤਾਨੇ। ਚਿੱਟੇ ਫਰੇਮ ਵਾਲੀ ਠੰਡੀ ਐਨਕ। ਗਲ ਵਿਚ ਦੇ ਲੜੀ ਮੋਤੀਆਂ ਦੀ ਮਾਲਾ। ਰੂਪ ਅਤੇ ਜਵਾਨੀ। ਉਹ ਤਾਂ ਪੂਰੀ ਦੀ ਪੂਰੀ ਵਿਲਾਇਤੀ ਮੇਮ ਲੱਗ ਰਹੀ ਸੀ। ਨੈਣ-ਨਕਸ਼ ਤਾਂ ਉਹਨੂੰ ਵਿਧਾਤਾ ਨੇ ਪਹਿਲਾਂ ਹੀ ਚੰਗੇ ਦਿੱਤੇ ਹੋਏ ਸਨ। ਉੱਤੋਂ ਪੱਛਮੀ ਤਹਿਜੀਬ, ਉੱਚੀ ਤਾਲੀਮ, ਦਰੁੱਸਤ ਖੁਰਾਕ, ਚੰਗੀ ਸੁਸਾਇਟੀ। ਸੋਨੇ ਉਤੇ ਸੁਹਾਗਾ ਸੀ। ਫਿਰ ਮਖਮੂਰ ਨੀਲੀਆਂ ਅੱਖਾਂ।

ਮਿਸ ਜੈਨੀ ਤੇਰਾਂ ਚੌਦਾਂ ਸਾਲਾਂ ਪਿੱਛੋਂ ਆਪਣੀ ਭੈਣ ਕਰਤਾਰੋ ਨੂੰ ਮਿਲਣ ਆਈ ਸੀ। ਨਾਲੇ ਆਪਣੀ ਸ਼ਾਦੀ ਬਾਰੇ ਦੱਸਣ ਆਈ ਸੀ ਜੋ ਦੋ ਦਿਨ ਬਾਅਦ ਇੱਕ ਅੰਗਰੇਜ ਨੌਜਵਾਨ ਨਾਲ ਹੋਣੀ ਸੀ ਜੋ ਉਹਦੇ ਨਾਲ ਆਇਆ ਸੀ। ਕਾਰ ਵਿਚ ਦੋ ਬੰਦੇ ਹੋਰ ਸਨ। ਇਕ ਬੁੱਢਾ ਪਾਦਰੀ ਅਤੇ ਪਾਦਰੀ ਦੀ ਅੰਗਰੇਜ਼ ਘਰਵਾਲੀ। ਜੈਨੀ ਉਹਨਾਂ ਨਾਲ ਇੰਗਲਿਸ਼ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਇੰਗਲਿਸ ਉਹਦੀ ਮਾਦਰੀ ਭਾਸਾ ਹੋਵੇ।

ਦਿੱਤੁ ਮਜ਼ਹਬੀ ਨੇ ਜਦੋਂ ਕਰਤਾਰੀ ਨੂੰ ਵਿਆਹ ਕੇ ਲਿਆਂਦਾ ਤਾਂ ਪੰਜ ਕੁ ਸਾਲਾਂ ਦੀ ਪਿਆਰੋ ਨਾਲ ਹੀ ਆਈ ਸੀ। ਪਿਆਰੋ ਕਰਤਾਰੋ ਦੀ ਮਾਤਰ ਮਾਂ ਚੋਂ

91