ਪੰਨਾ:ਪੱਕੀ ਵੰਡ.pdf/99

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦਿੱਤੇ। ਭੁੱਖੇ ਤਿਹਾਏ ਬਲਦ ਕੱਲਰ ਦੀ ਦਾਦਰੀ ਨਾਲ ਲਗਦੀ ਛਪੜੀ ਵੱਲ ਧਾ ਦੇ ਕੇ ਪੈ ਗਏ।

ਇਹ ਨਿੱਕੀ ਪਰ ਡੂੰਘੀ ਛੱਪੜੀ ਕਈ ਸਾਲ ਪਹਿਲਾਂ ਹਾਸ਼ਮ ਦੇ ਪਿਓ ਨਵਾਬ ਨੇ ਆਪ ਹੀ ਫੜ ਪੁੱਟ ਪੁੱਟ ਬਣਾਈ ਸੀ। ਖੂਹ ਖੇਤ ਪਿੰਡੋਂ ਦੂਰ ਹੋਣ ਕਰਕੇ ਅਤੇ ਪਾਣੀ ਦੀ ਘਾਟ ਹੋਣ ਤੇ ਉਹ ਪੰਜਵੇਂ ਸੱਤਵੇਂ ਖੂਹ ਜੋੜਕੇ ਇਸ ਨਿੱਕੇ ਤਲਾਅ ਨੂੰ ਸਾਫ ਸੁਥਰੇ ਪਾਣੀ ਨਾਲ ਨੱਕੋ ਨੱਕ ਭਰ ਦਿੰਦਾ। ਜਿੱਥੇ ਉਹਦੇ ਆਪਣੇ ਪਸ਼ੂ ਪਾਣੀ ਪੀਂਦੇ, ਉਥੇ ਦੂਰ-ਦੂਰ ਤੱਕ ਰਕੜ ਕੱਲਰ ਵਿੱਚ ਉਤਾਰਾ ਕਰਦੇ ਟੱਪਰੀਵਾਸ ਕਾਫਲਿਆਂ ਦੇ ਪਸ਼ੂਆਂ ਨੂੰ ਵੀ ਪੀਣ ਨੂੰ ਪਾਣੀ ਇੱਥੋਂ ਹੀ ਮਿਲਦਾ। ਚਿੜੀ, ਜਨੌਰ, ਪੰਛੀ ਪੰਖੇਰੂ ਸਭ ਲਈ ਇਸ ਉਜਾੜ ਵਿੱਚ ਇਹ ਪਾਣੀ ਅੰਮ੍ਰਿਤ ਸਰੋਵਰ ਸੀ। ਸਾਲੋ ਸਾਲ ਪਾਣੀ ਦੀ ਸਿੱਲ੍ਹ ਤਰਾਵਟ ਰਹਿਣ ਕਾਰਨ ਛੱਪੜੀ ਦੇ ਚੁਫੇਰੇ ਇਕ ਛੋਟਾ ਜਿਹਾ ਜੰਗਲ ਉੱਗ ਆਇਆ ਸੀ। ਹਿੰਸ, ਕੇਂਦੂ, ਝੰਡਾਂ ਤੋਂ ਬਿਨਾਂ ਢੱਕ, ਬੇਰੀ, ਕਿੱਕਰ ਫਲਾਹੀ, ਟਾਹਲੀਆਂ ਅਤੇ ਨਿੰਮ ਜਿਹੇ ਦਰਖਤਾਂ ਨੇ ਛਪੱੜੀ ਦਾ ਚੁਫੇਰਾ ਹੀ ਘੇਰ ਰੱਖਿਆ ਸੀ। ਅਤੇ ਇਹ ਨਿੱਕਾ ਜਿਹਾ ਵਣ ਕੱਲਰ ਕੋਲ ਰੇਗਿਸਤਾਨ ਵਿੱਚ ਨਖਲਿਸਤਾਨ ਵਾਂਗ ਚਮਕਦਾ ਸੀ। ਇਸ ਦਰ ਵਣ ਦੀ ਜਿੱਥੇ ਉਹਨਾਂ ਨੂੰ ਛਾਂ ਦੀ ਮੌਜ ਸੀ ਉਥੇ ਲੱਕੜ, ਬਾਲਣ, ਅਰਲੀ ਪੰਜਾਲੀ ਸਭ ਸਰਦਾ ਸੀ। ਇਸ ਤੋਂ ਬਿਨਾਂ ਬਣ ਪੰਛੀਆਂ, ਚਿੜੀ ਬਿਜੜੇ ਦੇ ਰਹਿਣ ਵਸੇਰੇ ਦੀ ਵੀ ਚੰਗੀ ਥਾਂ ਸੀ।

ਦੂਰ ਦੂਰ ਤੱਕ ਫੈਲੇ ਕੱਲਰ ਵਿਚ ਆਮ ਟੱਪਰੀਵਾਸ ਤੇ ਵਪਾਰੀ ਕਬੀਲੇ ਉਤਰਦੇ ਹੀ ਰਹਿੰਦੇ ਸਨ। ਕਦੇ ਸ਼ਿਕਰੀਗਰ, ਕਦੇ ਬਾਜੀਗਰ, ਬਾਗੜੀ, ਲੁਹਾਰ, ਭੇੜ-ਕੁੱਟ, ਊਠਾਂ ਵਾਲੇ ਬਲੋਚ, ਭੇਡਾਂ ਵਾਲੇ ਵਾਬਰੀਏ, ਮੱਝਾਂ ਵਾਲੇ ਗੁੱਜਰ, ਖੋਤਿਆਂ, ਘੋੜਿਆਂ ਅਤੇ ਕੁੱਤਿਆਂ ਵਾਲੇ ਗਿੱਦੜ-ਮਾਰ ਅਤੇ ਸਭ ਲਈ ਪਾਣੀ ਪੀਣ ਦਾ ਸਾਧਨ ਹਾਸ਼ਮ ਦਾ ਖੂਹ ਅਤੇ ਇਹੋ ਛੱਪੜੀ ਸੀ।

ਬਲਦ ਛੱਡ ਉਹ ਲੱਤਾਂ ਧੂਹੰਦਾ ਖੂਹ ਦੀ ਮਣ ਤੱਕ ਆਇਆ। ਪਰ ਅੱਖਾਂ ਫਿਰ ਪਿੰਡੋਂ ਆਉਂਦੇ ਰਾਹ ਤੇ ਜਾ ਟਿਕੀਆਂ। ਭਵੰਤਰੀਆਂ ਅੱਖਾਂ ਨੂੰ ਝਾਉਲਾ

99