ਪੰਨਾ:ਪੱਥਰ ਬੋਲ ਪਏ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਕਲੀ ਅਜ ਫੁੱਲ ਬਣ ਕੇ ਮੁਸਕਰਾਂਦੀ ਹੈ ਪਈ।
ਛਡ ਨਿਰਾਸ਼ਾ ਨੂੰ ਜਵਾਨੀ ਗੀਤ ਗਾਂਦੀ ਹੈ ਪਈ।
ਨ੍ਹੇਰਿਆਂ ਦੇ ਪੈਰ-ਚਿੰਨ ਹੁਣ ਧੁੰਦਲੇ ਨੇ ਹੋ ਰਹੇ ਨੇ,
ਔਹ ਕਿਰਨ ਸੋਹਣੇ ਭਵਿਸ਼ ਦੀ ਜਗਮਗਾਂਦੀ ਹੈ ਪਈ।
ਵਿਤਕਰਾ ਸਾਕੀ ਇਹ ਤੇਰਾ ਜ਼ਿੰਦਗੀ ਨੂੰ ਹੈ ਮਖ਼ੌਲ,
ਅਜ ਅਣਖ ਰਿੰਦਾ ਦੀ ਪੇਚੋ-ਤਾਬ ਖਾਂਦੀ ਹੈ ਪਈ।
ਵੇਖ ਔਹ ਮਜ਼ਦੂਰ ਦਾ ਚਿਹਰਾ ਹੈ ਹੋਇਆ ਨੂਰ ਨੂਰ,
ਮੱਥਿਓਂ ਕਾਲੀ ਸਿਆਹੀ ਮਿਟਦੀ ਜਾਂਦੀ ਹੈ ਪਈ।
ਮੁੜ ਕਿਸੇ ਦੀਆਂ ਵੀਣੀਆਂ ਤੇ ਛਣਕੀਆਂ ਨੇ ਚੂੜੀਆ,
ਅਜ ਜਵਾਨੀ ਇਸ਼ਕ ਦੀ ਗ਼ੈਰਤ ਜਗਾਂਦੀ ਹੈ ਪਈ।
ਮੁੜ ਕਿਸੇ ਰਾਂਝਣ ਦੀ ਵੰਝਲੀ ਤੇ ਛਿੜੇ ਨੇ ਮਸਤ ਰਾਗ,
ਮੁੜ ਕਿਸੇ ਬੇਲੇ ਦੇ ਵਿਚ ਅਜ ਹੀਰ ਗਾਂਦੀ ਹੈ ਪਈ।
ਸ਼ਾਹ ਹਨੇਰੀ ਰਾਤ ਚੋਂ ਫੁਟਣੀ ਹੈ ਹੁਣ ਆਸ਼ਾ ਦੀ ਲੋ,
ਅਜ ਮੇਰੀ ਮਨਜ਼ਲ ਮੇਰੇ ਨਜ਼ਦੀਕ ਆਂਦੀ ਹੈ ਪਈ।

੫੫