ਪੰਨਾ:ਪੱਥਰ ਬੋਲ ਪਏ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਜਵਾਨੀ ਹੈ ਤੇਰੀ ਤੂੰ ਮਾਣ ਦੋਸਤ।
ਜ਼ਿੰਦਗੀ ਨੂੰ ਜ਼ਿੰਦਗੀ ਕਰ ਜਾਣ ਦੋਸਤ।

ਚਮਕਣੀ ਅਰਸ਼ੀ ਏ ਹੁਣ ਖ਼ਾਬਾਂ ਦੀ ਲੋ,
ਲਗਣਗੀਆਂ ਹੁਣ ਬਹਾਰਾਂ ਗਾਣ ਦੋਸਤ।
 
ਜ਼ਿੰਦਗੀ ਦਾ ਰੂਪ ਕੋਝਾ ਬਦਲੀਏ,
ਦੂਰ ਕਰੀਏ ਕੋਹੜ ਨੂੰ ਲਾ ਤਾਣ ਦੋਸਤ।

ਦੇ ਮਿਟਾ ਮਥਿਉਂ ਇਹ ਧੱਬੇ ਖ਼ੂਨ ਦੇ।
ਥਾਂ ਇਨ੍ਹਾਂ ਦੀ ਸੂਹੇ ਚਿੰਨ ਮੁਸਕਾਣ ਦੋਸਤ।

ਬੇ-ਬਸੀ ਬੇ-ਚਾਰਗੀ ਦਾ ਗ਼ਮ ਵੀ ਕੀ ?
ਦੇ ਭੁਲਾ ਇਹਨਾਂ ਨੂੰ ਤੇ ਸੁਖ ਮਾਣ ਦੋਸਤ।

ਜ਼ਿੰਦਗੀ ਨੂੰ ਜੀਣ ਦੀ ਆ ਜਾਏ ਜਾਚ,
ਮੌਤ ਦੇ ਸਾਏ ਪਏ ਸ਼ਰਮਾਣ ਦੋਸਤ।

ਧੜਕਣਾਂ ਦਾ ਗੀਤ ਲੋਕੀ ਗਾ ਉਠਣ,
ਕਰ ਦੁਆ ਐਸੇ ਜ਼ਮਾਨੇ ਆਣ ਦੋਸਤ।

੬੫