ਪੰਨਾ:ਫਤਿਹ ਨਾਮਾ ਗੁਰੂ ਖਾਲਸਾ ਜੀ ਕਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਖ-ਬੰਧ

 ਇਸ ਪੋਥੀ ਦਾ ਨਾਉਂ ਹੈ 'ਫ਼ਤਿਹ ਨਾਮਾ ਗੁਰੂ ਖ਼ਾਲਿਸਾ ਜੀ ਕਾ’’ । ਇਸ ਦੇ ਰਚਨਹਾਰ ਦਾ ਨਾਮ ਹੈ ਸ੍ਰੀ ਗਣੇਸ਼ ਦਾਸ ਜੀ । ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਲਿਖਿਆ ਗਿਆ ਸਹੀ ਹੁੰਦਾ ਹੈ, ਕਿਉਂਕਿ ਲੇਖਕ ਦੀ ਤਰਜ਼ਬਿਆਨੀ, ਵਾਕਿਆਤ, ਥਾਵਾਂ ਤੇ ਨਾਵਾਂ ਦੇ ਵੇਰਵੇ ਇਉ ਹੀ ਹਨ ਕਿ ਜਿਵੇਂ ਲੇਖਕ ਜੀ ਉਸ ਸਮੇਂ ਵਿਚ ਹੀ ਦੇਖ ਸੁਣ ਕੇ ਲਿਖ ਰਹੇ ਹਨ ਜਿਸ ਸਮੇਂ ਕਿ ਇਹ ਵਰਤੇ ਹਨ । ਇਸ ਦੇ ਸੰਪਾਦਿਕ ਜੀ ਕਈ ਇਕ ਲੱਛਣਾਂ ਤੋਂ ਅਨੁਮਾਨ ਕਰਦੇ ਹਨ ਕਿ ਇਹ ਫ਼ਤਿਹ ਨਾਮਾ ੧੮੩੧ ਈ ਤੋਂ ਪਹਿਲੋਂ ਲਿਖਿਆ ਗਿਆ ਸੀ। (ਸਫ਼ਾ ੧੦ ਇਸੇ ਪੋਥੀ ਦਾ )
  ਸ਼੍ਰੀ ਗਣੇਸ਼ ਦਾਸ ਜੀ ਬਾਬਤ ਪਤਾ ਨਹੀਂ ਕਿ ਕੌਣ ਸਨ, ਕਿਸ ਮਾਤਾ ਦੇ ਸਪੂਤ ਤੇ ਕਿਸ ਸੁਹਣੇ ਬਾਬਲ ਦੇ ਬੇਟੇ ਸਨ, ਜਿਨ੍ਹਾਂ ਨੇ ਐਸੇ ਲਿਖਾਰੀ ਨੂੰ ਜਨਮ ਦਿੱਤਾ ਜੋ ਅਪਣੇ ਕਾਵਯ ਨੂੰ, ਜਿਸ ਨੂੰ, ਉਹ “ਪਿੰਗਲ’’ ਕਰਕੇ ਸਦਦੇ ਹਨ, ਐਸੀ ਦਰੁਸਤ ਬਿਆਨੀ ਵਿਚ ਬਿਆਨ ਕਰਦੇ ਹਨ ਕਿ ਮਾਨੋ ਛਾਣਿਆ ਪੁਣਿਆ ਇਤਿਹਾਸ ਲਿਖ ਰਹੇ ਹਨ । ਸ਼ੁਕਰ ਹੈ ਕਿ ਇਸ ਪੋਥੀ ਦਾ ਇਕ ਨੁਸਖਾ ਸੁਯੋਗ ਹੱਥਾਂ ਵਿਚ ਆ ਗਿਆ ਤੇ ਅਜ ਇਹ ਸਾਡੀ ਦ੍ਰਿਸ਼ਟੀ-ਗੋਚਰ ਹੋ ਰਿਹਾ ਹੈ ।
 ਭੂਮਿਕਾ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਇਹ ਕੀਮਤੀ ਸ਼ੈ ਸੰਪਾਦਿਕ ਜੀ ਦੇ ਹੱਥਾਂ ਵਿਚ ਆ ਕੇ ਫੇਰ ਲੋਪ ਹੋ ਗਈ ਪਰ ਉਹ ਅਪਨਾ ਉਤਾਰਾ ਦੇ ਗਈ ਜੋ ਵੀਹ ਪੰਝੀ ਵਰ੍ਹੇ ਪਿਆ ਰਹਿ ਕੇ ਅੰਤ ਸਿਆਲੇ ਵਿਚ ਬਰਫਾਂ ਹੇਠ ਦਬੀਆਂ ਕਣਕਾਂ ਵਾਂਙ, ਜੋ ਫੁਟੜੀ, ਰੁਤ ਦੇ ਆਉਂਦਿਆਂ ਹੀ ਨਿਸਰ ਆਉਂਦੀਆਂ ਹਨ, ਪੰਜਾਬ ਦੇ ਸਪੂਤਾਂ ਦੀਆਂ ਵਿੱਦਯਾ-ਮਲਗੁਜਾਰਾ ਵਿਚ ਹੁਣ ਉਗਮ ਆਯਾ ਹੈ।
 ਨਿਰਾ ਉਗਮ ਹੀ ਨਹੀਂ ਆਯਾ ਸਗੋਂ ਪੂਰੀ ਪ੍ਰਫੁਲਤਾ ਨਾਲ ਪ੍ਰਫੁਲਤ ਹੋ ਕੇ ਨਿਕਲਿਆ ਹੈ ਕਿ ਇਸ ਦੀ ਸਚਿਆਈ ਨੂੰ ਚਾਰ ਚੰਨ ਲਗ ਗਏ ਹਨ ।