ਪੰਨਾ:ਫ਼ਰਾਂਸ ਦੀਆਂ ਰਾਤਾਂ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜਨਵਰੀ ਨੂੰ ਇੰਨੀਆਂ ਕੁ ਫ਼ੌਜਾਂ ਦਾ ਸਾਲਾਨਾ ਮਾਰਚਡ-ਪਾਸ ( Marched Pass ) ਅਤੇ 'ਹਿਪ ਹਿਪ ਹੁਰਰਾ' ਹੋਇਆ ਕਰਦਾ ਸੀ।
ਸਾਡੀ ਲਾਇਨ ਬਿਲਕੁਲ ਉਜਾੜੇ ਵਾਲੇ ਪਾਸੇ ਸੀ। ਚਰਾਟ ਦਾ ਪਹਾੜ ਅਤੇ ਕਈ ਵਾਰੀ ਮੀਂਹ ਪੈਣ ਮਗਰੋਂ ਪਹਾੜ ਦੀਆਂ ਬਾਰਕਾਂ ਵੀ ਦਿਸ ਪੈਂਦੀਆਂ ਸਨ। ਲਾਇਨ ਦੇ ਚੌਗਿਰਦੇ ਇਕ ਕਚੀ ਕੰਧ ਦੀ ਵਲਗਣ ਹੈਸੀ। ਇਸ ਵਲਗਣ ਦੇ ਵਿਚ ਰਸਾਲੇ ਦੀਆਂ (Follower-Line) ਫਾਲਵਰ ਲਾਇਨ, ਘੋੜਾ ਹਸਪਤਾਲ, ਬੰਦਿਆਂ ਦਾ ਹਸਪਤਾਲ, ਬਾਜ਼ਾਰ, ਮਿਸਤਰੀ ਖਾਨਾ ਅਤੇ ਹੋਰ ਸਾਰਾ ਕੁਝ ਹੀ ਸੀ। ਦੇਸੀ ਆਫ਼ੀਸਰਾਂ ਦੇ ਬੰਗਲੇ ਤਾਂ ਏਥੇ ਹੀ ਸਨ, ਪਰੰਤੂ ਗੋਰੇ ਆਫ਼ੀਸਰ ਰੇਲਵੇ ਸਟੇਸ਼ਨ ਤੇ ਛਾਉਣੀ ਦੇ ਲਾਗੇ ਰਹਿੰਦੇ ਸਨ। ਇਨ੍ਹਾਂ ਦਿਨਾਂ ਵਿਚ ਲਾਇਨ ਦੇ ਚੌਗਿਰਦੇ ਰਾਤ ਨੂੰ ਪੰਜ ਗਾਰਦਾਂ ਲਗਦੀਆਂ ਸਨ। ਇਕ ਚਰਾਟ ਵਾਲੇ ਪਾਸੇ ਲਾਇਨ ਦੇ ਪਿਛੇ. ਦੋ ਸੱਜੇ ਖੱਬੇ ਅਤੇ ਦੋ ਗਾਰਦਾਂ ਕੁਵਾਰਟਰ ਗਾਰਦ ਵਿਚ ਰਹਿੰਦੀਆਂ ਸਨ। ਇਕ ਕਵਾਰਟਰ ਗਾਰਦ ਲਈ ਅਤੇ ਦੂਜੀ ਮੈਗਜ਼ੀਨ (Magazine) ਲਈ, ਪਰ ਦਿਨੇ ਕੇਵਲ ਇਕੋ ਗਾਰਦ ਰਹਿੰਦੀ ਸੀ, ਬਾਕੀ ਚਾਰ ਹਟਾ ਲਈਆਂ ਜਾਂਦੀਆਂ ਸਨ। ਇਹੋ ਇਕੋ ਗਾਰਦ ਦਿਨੇ ਮੈਗਜ਼ੀਨਾਂ, ਕਵਾਰਟਰ ਗਾਰਦ ਅਤੇ ਬੰਦੂਕਾਂ ਦੀ ਰਾਖੀ ਕਰਦੀ ਸੀ।

ਮੌਲਵੀ ਜੀ ਪਾਸੋਂ 'ਖਾਲਕ ਬਾਰੀ' ਪੜ੍ਹ ਲੈਣ ਮਗਰੋਂ ਹੁਣ ਅੰਗ੍ਰੇਜ਼ੀ ਪੜ੍ਹਨ ਦੇ ਖ਼ਿਆਲ ਨੇ ਅਸਾਂ ਦੋਹਾਂ ਨੂੰ ਸਦਰ ਅੰਗ੍ਰੇਜ਼ੀ ਸਕੂਲ ਵਿਚ ਜਾ ਦਾਖ਼ਲ ਕਰਾਇਆ। ਮੈਂ ਖੁਸ਼ ਸਾਂ ਕਿ ਇਥੇ ਨਾ ਕੋਈ ਕਬਰ ਹੈ ਸੀ ਅਤੇ ਨਾ ਹੀ ਕੋਈ ਭੂਤ ਪ੍ਰੇਤ ਸਨ ਅਤੇ ਨਾ ਹੀ ਕਿਸੇ ਦਰਖ਼ਤ ਉਪਰ ਸਾਵਾ ਝੰਡਾ ਹੈ ਸੀ। ਖ਼ਬਰੇ ਸਰਹੱਦੀ ਪਠਾਣ ਪੀਰਾਂ, ਫ਼ਕੀਰਾਂ ਜਿੰਨਾਂ ਭੂਤਾਂ ਨੂੰ ਮੰਨਦੇ ਹੀ ਨਾ ਹੋਣ, ਪਰ ਜਿਥੇ ਸਾਨੂੰ ਪੜ੍ਹਨੇ ਪਾਇਆ ਗਿਆ ਤੇ ਸੁਖ ਨਾਲ ਜਿਸ ਮਾਸਟਰ ਜੀ ਦੇ ਹਵਾਲੇ ਸਾਡੀ ਜਮਾਤ ਕੀਤੀ ਗਈ ਉਹ ਜਮਦੂਤ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸੀ। ਸਚ ਜਾਣੋਂ ਦੁਰਗੇ ਮੋਟੇ ਦੇ ਵੀ ਨੰਬਰ ਕਟਦਾ ਸੀ। ਉਹਦਾ ਹਰ ਇਕ ਹੱਥ ਹਥੋੜਾ, ਪੈਰ ਪੂਰੀਆਂ ਗੋਲੀਆਂ ਸਨ। ਕਦ ਮਧਰਾ, ਵੀਹਾਂ ਗਜ਼ਾਂ ਦੀ ਤੇੜ ਸੁਥਣ, ਦਸਾਂ ਦਾ ਖੁਲ੍ਹੀਆਂ ਬਾਹਵਾਂ ਵਾਲਾ ਕੁੜਤਾ ਪਾਉਂਦਾ।

-੧੮-