ਪੰਨਾ:ਫ਼ਰਾਂਸ ਦੀਆਂ ਰਾਤਾਂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਹੇ ਅਕਾਲ ਪੁਰਖ ! ਮੈਨੂੰ ਮੌਤ ਦੇ, ਤਾਂ ਜੋ ਇਹ ਦੁਖਦਾਈ ਸਮਾਂ ਮੁਕ ਜਾਵੇ, ਪਰ ਕਰੋੜਾਂ ਵਾਰੀ ਵੀ ਹਥ ਜੋੜਿਆਂ ਜਾਂ ਮੌਤ ਲਈ ਮੌਤ ਮੰਗਿਆਂ ਮੌਤ ਨਹੀਂ ਆਇਆ ਕਰਦੀ । ਸਵੇਰੇ ਸਤ ਵਜੇ ਥੀਂ ਸ਼ਾਮ ਦੇ ਤਿੰਨ ਵਜੇ ਤਕ ਮੈਂ ਇਸੇ ਕੱਖਾਂ ਦੀ ਛਪਰੀ ਵਿਚ ਰਿਹਾ । ਏਥੋਂ ਤਕ ਹੀ ਸਾਡੀ ਰਜਮੈਂਟ ਦਾ ਪ੍ਰਬੰਧ ਸੀ । ਅਗੇ ਬ੍ਰਿਗੇਡ ਹੈਡ ਕੁਆਰਟਰ ਵਾਲਿਆਂ ਨੇ ਲੈ ਜਾਣਾ ਸੀ। ਉਨ੍ਹਾਂ ਨੂੰ ਫੋਨ ਤਾਂ ਕਰ ਦਿਤਾ ਗਿਆ, ਪਰ ਪਹਿਲਾਂ ਉਨ੍ਹਾਂ ਜ਼ਖ਼ਮੀਆਂ ਨੂੰ ਘਲਿਆ ਜਾਂਦਾ ਸੀ, ਜਿਨ੍ਹਾਂ ਨੂੰ ਜਲਦੀ ਅਤੇ ਵਧੀਕ ਸਹਾਇਤਾ ਦੀ ਲੋੜ ਸੀ । ਸਿਰ, ਮਥੇ, ਛਾਤੀ ਦੇ ਜ਼ਖਮੀਆਂ, ਟੂਟੀਆਂ ਬਾਹਵਾਂ ਤੇ ਲਤਾਂ ਵਾਲਿਆਂ ਨੂੰ ਪਹਿਲਾਂ ਪੁਚਾਇਆ ਜਾਂਦਾ, ਮਾਮੂਲੀ ਫਟੜਾਂ ਨੂੰ ਪੈਰੀਂ ਤੁਰ ਕੇ ਵੀ ਬ੍ਰਿਗੇਡ ਦੇ ਹਸਪਤਾਲ ਤਕ ਪੁਜਣਾ ਪੈਦਾ , ਪਰ ਨਾ ਤੁਰ ਸਕਣ ਵਾਲਿਆਂ ਲਈ ਪਹੀਆਂ ਵਾਲੇ ਸਟਰੈਚਰਾਂ ਦਾ ਪ੍ਰਬੰਧ ਸੀ । ਮੁਕਦੀ ਗਲ ਇਹ ਕਿ ਬ੍ਰਿਗੇਡ ਦਾ ਹਸਪਤਾਲ ਮਸ਼ੀਨ ਗਨਾਂ ਦੀਆਂ ਗੋਲੀਆਂ, ਤੋਪਾਂ ਅਤੇ ਬੰਬਾਂ ਦੇ ਗੋਲਿਆਂ ਦੀ ਮਾਰ ਥੀਂ ਬਾਹਰ ਨਾ ਸੀ ।

ਮੈਨੂੰ ਸ਼ਾਮ ਦੇ ਤਿੰਨ ਵਜੇ ਦੋ ਡੋਲੀ-ਬਹਿਰਿਆਂ ਨੇ ਆਣ ਸਾਂਭਿਆ । ਉਨ੍ਹਾਂ ਆਪਣਾ ਸਟਰੈਚਰ ਉਥੇ ਦੇ ਦਿਤਾ ਅਤੇ ਜਿਸ ਸਟਰੈਚਰ ਉਪਰ ਮੇਂ ਪਿਆ ਸਾਂ, ਉਸ ਨੂੰ ਚੁਕ ਕੇ ਆਪਣੇ ਦੋ ਪਹੀਆਂ ਵਾਲੀ ਹਥ-ਗਡੀ ਵਿਚ ਬੀੜ ਲਿਆ । ਮਾਮੂਲੀ ਜਿਹਾ ਮੇਰਾ ਸਾਮ ਨ. ਹਸਪਤਾਲ ਦੀ ਮੇਰੇ ਮੁਤੱਲਕ ਲਿਖੀ ਰੀਪੋਟ ਵੀ ਨਾਲ ਲੈ ਲਈ ਤੇ ਉਹ ਅਧ-ਮੋਈ ਲਾਸ਼ ਨੂੰ ਲੈ ਕੇ ਤੁਰ ਪਏ | ਘੰਟੇ ਕੁ ਮਗਰੋਂ ਅਸੀਂ ਇਕ ਉਜੜੇ ਪਿੰਡ ਵਿਚ ਜਾਂ ਪੁਜੇ । ਇਕ ਟੁਟੇ ਫੁਟੇ ਮਕਾਨ ਵਿਚ ਬ੍ਰਿਗਡ ਹਸਪਤਾਲ ਦਾ ਨਿਕਾ ਜਿਹਾ ਰੈਡ-ਕਰਾਸ ਝੰਡਾ ਖੜਾ ਕੀਤਾ ਹੋਇਆ ਸੀ। ਪੰਦਰਾਂ ਕੁ ਮਿੰਟਾਂ ਮਗਰੋਂ ਅੰਗਰੇਜ਼ ਡਾਕਟਰ ਨੇ ਰਾਜ਼ੀ ਖੁਸ਼ੀ ਪੁਛੀ, ਚੂਸਣ ਲਈ ਮਿਠਾਈ ਦੀਆਂ ਟਿਕੀਆਂ ਦਿਤੀਆਂ ਤੇ ਗਰਮ ਦੁਧ ਦਾ ਪਿਆਲਾ ਪੀਣ ਲਈ ਮਿਲਿਆ । ਥੋੜੀ ਜਹੀ ਰਮ ਵੀ ਸਰੀਰ ਨੂੰ ਤਕੜਿਆਂ ਕਰਨ ਲਈ ਦੇ ਕੇ ਤਸੱਲੀ ਦਿਤੀ ਕਿ ਜਲਦੀ ਹੀ ਕਿਸੇ ਚੰਗੇ ਪ੍ਰਬੰਧ ਵਾਲੇ ਹਸਪਤਾਲ ਵਿਚ ਪੁਜ ਕੇ ਬੜੀ ਜਲਦੀ ਆਰਾਮ ਪਰਾਪਤ ਕਰੋਗੇ ਅਤੇ ਜਲਦੀ ਹੀ ਰਾਜ਼ੀ ਹੋ ਕੇ ਹਿੰਦੁਸਤਾਨ ਆਪਣੇ ਘਰ ਚਲੇ ਜਾਓਗੇ।

-੭੬-