ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9. ਗੁਆਚਦੇ ਰੰਗ :

ਫੋਟੋ ਨੂੰ ਬਹੁਤੇ ਲੋਕ ਉਸ ਵਿਚਲੇ ਰੰਗਾਂ ਖ਼ਾਤਰ ਹੀ ਖਿੱਚਦੇ ਹਨ। ਫੋਟੋ ਖਿੱਚਣ ਲਈ ਇਹ ਵੀ ਜ਼ਰੂਰੀ ਜਿਹੀ ਧਾਰਨਾ ਬਣ ਗਈ ਹੈ ਕਿ ਉਸ ਵਿਚ ਸੁੰਦਰ ਅਤੇ ਤੇਜ਼ ਰੰਗ ਹੋਣ ਅਤੇ ਉਨ੍ਹਾਂ ਦੀ ਹੋਂਦ ਪਹਿਲਾਂ ਹੀ ਫੋਟੋ ਵਿਚ ਨਿਰਧਾਰਤ ਹੋਵੇ ਪਰ ਹਰ ਵਾਰ ਇੰਜ ਹੁੰਦਾ ਨਹੀਂ; ਸਗੋਂ ਸੁਸਤ ਫੋਟੋਗ੍ਰਾਫਰ ਦੇ ਹੱਥੋਂ ਰੰਗ ਨਿਕਲ ਜਾਂਦੇ ਹਨ। ਇਹ ਇਸ ਕਰਕੇ ਹੁੰਦਾ ਹੈ ਕਿ ਗੂੜ੍ਹੇ ਜਾਂ ਸੁਰਮੇਲਵੇਂ ਰੰਗਾਂ ਵਿਚ ਅਚਾਨਕ ਹੀ ਕੋਈ ਵਸਤੂ ਜੋ ਭੜਕੀਲੇ ਰੰਗਾਂ ਦੀ ਹੁੰਦੀ ਹੈ, ਆ ਟਪਕਦੀ ਹੈ ਤੇ ਵੇਖਦੇ-ਵੇਖਦੇ ਨਜ਼ਰੋਂ ਓਹਲੇ ਹੋ ਜਾਂਦੀ ਹੈ ਬਿਲਕੁਲ ਉਵੇਂ ਹੀ ਜਿਵੇਂ ਅਚਾਨਕ ਕਿਸੇ ਬੰਬ ਦਾ ਅੱਖਾਂ ਸਾਹਮਣੇ ਫੱਟ ਜਾਣਾ, ਤੇਜ਼ ਰਫ਼ਤਾਰ ਸਿਤਾਰੇ ਦਾ ਟੁੱਟਣਾ, ਸਮੁੰਦਰ ਵਿਚ ਗੂੜੇ ਬਾਦਬਾਨ ਵਾਲੀਆਂ ਕਿਸ਼ਤੀਆਂ ਦਾ ਤੈਰਦੇ ਹੋਏ ਨਿਕਲ ਜਾਣਾ ਜਾਂ ਸਰਕਸ ਵਿਚ ਅਚਾਨਕ ਜੋਕਰ ਦਾ ਆ ਕੇ ਚਲੇ ਜਾਣਾ। ਇਸ ਸਾਰੇ ਕਾਸੇ ਤੋਂ ਇਹ ਭਾਵ ਹੈ ਕਿ ਰੰਗ ਦਾ ਆਉਣਾ ਅਤੇ ਨਿਕਲ ਜਾਣਾ ਯਾਨੀ ਗੁਆਚ ਜਾਣਾ। ਇਹੋ ਜਿਹੇ ਵਕਤੀ ਆਏ ਰੰਗਾਂ ਨੂੰ ਗੁਆਚਦੇ ਰੰਗਾਂ ਦਾ ਨਾਮ ਦਿੱਤਾ ਜਾ ਸਕਦਾ ਹੈ। ਇਹੋ ਜਿਹੇ ਰੰਗਾਂ ਵਾਲੀਆਂ ਫੋਟੋਆਂ ਖ਼ਬਰਾਂ ਵਾਂਗ ਸਮੇਂ ਦਾ ਇਤਿਹਾਸ ਬਣਨ ਦੇ ਕਾਬਲ ਹੁੰਦੀਆਂ ਹਨ; ਕਿਉਂਕਿ ਇਹ ਨਿਰੋਲ ਮੌਕਾ ਹੀ ਹੁੰਦਾ ਹੈ ਜਦੋਂ ਕਿ ਫੋਟੋ ਖਿੱਚੀ ਜਾ ਸਕਦੀ ਹੋਵੇ। ਇਸ ਲਈ ਸਿਰਫ਼ ਚੇਤਨ ਦਿਮਾਗ ਵਾਲੇ ਫੋਟੋਗ੍ਰਾਫਰ ਹੀ ਇਹ ਕੰਮ ਕਰ ਸਕਦੇ ਹਨ। ਫੋਟੋਗ੍ਰਾਫੀ ਵਿਚ ਸਭ ਤੋਂ ਵੱਧ ਇਨਾਮ, ਸਨਮਾਨ ਤੇ ਮੁੱਲ ਇਸ ਵਿਧੀ ਦੀਆਂ ਫੋਟੋਆਂ ਦਾ ਹੀ ਪਿਆ ਹੈ।


39