ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6. ਨਿਰਜੀਵ ਵਸਤੂ

ਕਲਾਤਮਕ ਫੋਟੋਗ੍ਰਾਫਰ ਦੀ ਹਮੇਸ਼ਾ ਇਹ ਤਮੰਨਾ ਰਹਿੰਦੀ ਹੈ ਕਿ ਉਹ ਕੁਦਰਤੀ ਤੌਰ 'ਤੇ ਮਿਲ ਰਹੇ ਦ੍ਰਿਸ਼ਾਂ ਨੂੰ ਆਪਣੇ ਹਿਸਾਬ ਨਾਲ ਸਿਰਜ ਸਕੇ। ਪਹਾੜਾਂ ਵਿਚ ਫੋਟੋਗ੍ਰਾਫੀ ਕਰ ਰਹੇ ਬੜੀ ਵਾਰੀ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਫ਼ਲਾਣਾਂ ਪਹਾੜ ਥੋੜ੍ਹਾ ਇੱਧਰ ਨੂੰ ਹੋਵੇ, ਬੱਦਲ ਥੋੜ੍ਹੇ ਉੱਚੇ ਜਾਂ ਨੀਂਵੇ ਹੋ ਜਾਣ, ਸੂਰਜ ਦਾ ਐਂਗਲ ਕੁਝ ਡਿਗਰੀ ਬਦਲ ਜਾਵੇ, ਦਰਖ਼ਤਾਂ ਦੇ ਝੁੰਡ ਆਪਣੀ ਥਾਂ ਬਦਲ ਲੈਣ ਆਦਿ-ਆਦਿ ਪਰ ਇੰਜ ਹੋਣਾ ਸ਼ਾਇਦ ਮੁਮਕਿਨ ਨਹੀਂ ਹੈ। ਭਾਵੇਂ ਕਿ ਇਹ ਸੰਭਵ ਨਹੀਂ ਹੈ, ਪਰ ਦਰਿਆਵਾਂ ਦੇ ਕੰਢਿਆਂ ’ਤੇ ਪੱਥਰਾਂ ਨਾਲ ਅਠਖੇਲੀਆਂ ਕਰਦੇ ਕਲਾਕਾਰ ਨੂੰ ਇੰਨਾ ਕੁ ਹੱਕ ਤਾਂ ਹੋ ਹੀ ਜਾਂਦਾ ਹੈ ਕਿ ਉਹ ਆਪਣੀ ਸਮਰੱਥਾ ਅਨੁਸਾਰ ਕੁਝ ਪੱਥਰ ਇੱਧਰ- ਉੱਧਰ ਕਰ ਸਕਦਾ ਹੈ ਜਾਂ ਰੇਤ ਨੂੰ ਉੱਚਾ-ਨੀਵਾਂ ਵੀ ਕਰ ਸਕਦਾ ਹੈ। ਕੁੱਝ ਹੱਦ ਤੱਕ ਪਾਣੀ ਨਾਲ ਛੇੜਖ਼ਾਨੀ ਵੀ ਕਰ ਸਕਦਾ ਹੈ। ਇਹਨਾਂ ਸਭ ਬਨਾਵਟੀ ਦ੍ਰਿਸ਼ਾਂ ਨੂੰ ਉਹ ਆਪਣੇ ਕੈਮਰੇ ਵਿਚ ਕੈਦ ਕਰ ਸਕਦਾ ਹੈ। ਅਖੌਤੀ ਕਲਾਕਾਰ ਇਸ ਵਿਧੀ ਦਾ ਸਭ ਤੋਂ ਜ਼ਿਆਦਾ ਪ੍ਰਯੋਗ ਕਰਦੇ ਹਨ। ਬਿਨਾਂ ਮਤਲਬ ਤੋਂ ਅਤੇ ਕਿਸੇ ਸੋਚ ਤੋਂ ਵਿਹੂਣੀਆਂ ਫੋਟੋਆਂ ਖਿੱਚ ਲਈਆਂ ਜਾਂਦੀਆਂ ਹਨ। ਫੇਰ ਉਨ੍ਹਾਂ ਨੂੰ ਨੁਮਾਇਸ਼ਾਂ ਵਿਚ ਕਲਾ ਫੋਟੋਗ੍ਰਾਫੀ ਦੇ ਨਾਮ ਥੱਲੇ ਪੇਸ਼ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀਆਂ ਫੋਟੋਆਂ ਨਿਰਸੰਦੇਹ ਜਿੱਥੇ ਵੇਖਣ ਵਾਲੇ ਨੂੰ ਜੱਕੋ-ਤੱਕੀ ਵਿਚ ਪਾਉਂਦੀਆਂ ਹਨ ਉੱਥੇ ਕਈ ਵਾਰੀ ਸੱਚਮੁੱਚ ਹੀ ਸੋਚ ਦੇ ਦਾਇਰਿਆਂ ਨੂੰ ਤੋੜ ਕੇ ਵੀ ਰੱਖ ਦਿੰਦੀਆਂ ਹਨ। ਇਹੋ-ਜਿਹੀ ਫੋਟੋਗ੍ਰਾਫੀ ਕਰਨ ਲਈ ਕਿਸੇ ਵੀ ਕਿਸਮ ਦਾ ਕੈਮਰਾ ਜਾਂ ਤਕਨੀਕ ਵਰਤੀ ਜਾ ਸਕਦੀ ਹੈ।

63