ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੁਗਲਖ਼ੋਰ

ਇੱਕ ਜੱਟ ਨੂੰ ਇੱਕ ਕਾਮੇ ਦੇ ਲੋੜ ਸੀ। ਲਭਦਿਆਂ ਲਭਦਿਆਂ ਉਸ ਨੂੰ ਇੱਕ ਹੱਡਾਂ ਪੈਰਾਂ ਦਾ ਨਰੋਆ ਕਾਮਾ ਲੱਭ ਪਿਆ।
ਜੱਟ ਨੇ ਕਾਮੇ ਦੀ ਤਨਖਾਹ ਪੁੱਛੀ।
"ਬਸ ਸਰਦਾਰਾ ਰੋਟੀ ਕਪੜਾ ਅਤੇ ਛੇ ਮਹੀਨੇ ਮਗਰੋਂ ਇੱਕ ਅੱਧ ਚੁਗ਼ਲੀ।" ਕਾਮੇ ਨੇ ਆਪਣੀ ਨੌਕਰੀ ਦੀ ਸ਼ਰਤ ਪੇਸ਼ ਕਰ ਦਿੱਤੀ।
"ਮੈਨੂੰ ਮਨਜ਼ੂਰ ਹੈ।" ਜੱਟ ਨੇ ਕਾਮੇ ਦੀ ਸ਼ਰਤ ਪਰਵਾਨ ਕਰ ਲਈ। ਰੋਟੀ ਕਪੜੇ ਤੇ ਜੱਟ ਨੂੰ ਕਾਮਾ ਮਿਲਦਾ ਸੀ-ਉਸ ਨੂੰ ਭਲਾ ਹੋਰ ਕੀ ਚਾਹੀਦਾ ਸੀ। ਚੁਗ਼ਲੀ ਦੀ ਜੱਟ ਨੇ ਕੋਈ ਪਰਵਾਹ ਨਾ ਕੀਤੀ।
ਕਾਮਾ ਬੜੇ ਚਾਵਾਂ ਨਾਲ ਜੱਟ ਨਾਲ ਕੰਮ ਕਰਦਾ ਰਿਹਾ। ਇਸ ਪਰਕਾਰ ਛੇ ਮਹੀਨੇ ਬਤੀਤ ਹੋ ਗਏ। ਕੋਈ ਘਟਨਾ ਨਾ ਵਾਪਰੀ।
ਆਖਰ ਇੱਕ ਦਿਨ ਕਾਮੇ ਨੇ ਜੱਟੀ ਨੂੰ ਆਖਿਆ, "ਤੇਰੇ ਘਰ ਵਾਲਾ ਤਾਂ ਕੋਹੜੀ ਹੋ ਗਿਐ।"
"ਹੈਂ ਦਾਦੇ ਮਗੌਣਾ ਕਿਹੜੀਆਂ ਗੱਲਾਂ ਕਰਦੈ, ਤੇਰਾ ਕਿਧਰੇ ਡਮਾਕ ਤਾਂ ਨੀ ਫਿਰ ਗਿਆ?" ਜੱਟੀ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ।
ਕਾਮੇ ਨੇ ਹਿੱਕ ਥਾਪੜ ਕੇ ਆਖਿਆ, "ਮੇਰੇ ਸਿਰ ਸੌ ਛਿੱਚਰ ਮਾਰੀਂ ਜੇ ਮੇਰੀ ਗੱਲ 'ਚ ਝੂਠ ਹੋਵੇ। ਜਿਹੜਾ ਆਦਮੀ ਕੋਹੜੀ ਹੋ ਜਾਵੇ ਉਸ ਦਾ ਸਾਰਾ ਸਰੀਰ ਸਲੂਣਾ ਸਲੂਣਾ ਹੋ ਜਾਂਦੈ, ਬੇਸ਼ਕ ਚੱਟ ਕੇ ਵੇਖ ਲਈਂ ਸਵੇਰੇ।"
"ਮੈਂ ਇਸ ਗੱਲ ਦਾ ਜ਼ਰੂਰ ਪਰਤਿਆਵਾਂ ਲਊਂਗੀ ਸਵੇਰੇ ਰੋਟੀ ਦੇਣ ਆਈ" ਜੱਟੀ ਜਾਣੋ ਸੱਚ ਮੰਨ ਗਈ।
ਦੂਜੇ ਬੰਨੇ ਚੁਗਲਖੋਰ ਕਾਮਾ ਜੱਟ ਪਾਸ ਜਾ ਕੇ ਕਹਿਣ ਲੱਗਾ, "ਸਰਦਾਰਾ ਤੂੰ ਤਾਂ ਆਪਣੇ ਕੰਮ ਜੁਟਿਆ ਫਿਰਦੈ ਓਧਰ ਤੇਰੇ ਘਰ ਵਾਲੀ ਹਲਕੀ ਫਿਰਦੀ ਐ... ਜਣੇ ਖਣੇ ਨੂੰ ਵੱਢਣ ਨੂੰ ਪੈਂਦੀ ਐ।"
ਜੱਟ ਸੁਣ ਕੇ ਚੁੱਪ ਕਰ ਰਿਹਾ ਪਰ ਉਹਦੇ ਮਨ ਵਿੱਚ ਆਪਣੀ ਜੱਟੀ ਪ੍ਰਤੀ ਸ਼ੰਕੇ ਪੈਦਾ ਹੋ ਗਏ-ਖੌਰੇ ਸਚਮੁਚ ਹੀ ਹਲਕ ਗਈ ਹੋਵੇ।
ਮਾਲਕ ਤੀਵੀਂ ਦੋਹਾਂ ਦੇ ਮਨਾਂ ਵਿੱਚ ਭਰਮ ਪਾ ਕੇ ਚੁਗ਼ਲਖੋਰ ਜੱਟੀ ਦੇ ਭਰਾਵਾਂ ਕੋਲ ਜਾ ਕੇ ਆਖਣ ਲੱਗਾ, "ਸਰਦਾਰੋ ਮੈਂ ਚਾਹੁੰਦਾ ਤਾਂ ਨਹੀਂ ਸੀ ਤੁਹਾਡੇ ਕੋਲ ਜਾ ਕੇ ਕੋਈ ਗੱਲ ਕਰਦਾ। ਮੈਂ ਆਪਣੇ ਮਾਲਕ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਚਾਹੁੰਦਾ। ਪਰ ਦਿਆ ਵੀ ਕੋਈ ਚੀਜ਼ ਐ ... ਮੇਰੇ ਪਾਸੋਂ ਜ਼ਰ ਨਹੀਂ ਹੁੰਦਾ। ਤੁਹਾਡਾ ਭਣੋਈਆ ਤੁਹਾਡੀ

97