ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੈਣ ਨੂੰ ਹਰ ਰੋਜ਼ ਖੇਤਾਂ ਵਿੱਚ ਪਰੈਣੀਆਂ ਨਾਲ ਕੁੱਟਦੈ। ਬੇਸ਼ਕ ਸਵੇਰੇ ਜਾ ਕੇ ਖੇਤਾਂ ਵਿੱਚ ਵੇਖ ਲੈਣਾ।"
ਉਨ੍ਹਾਂ ਨੂੰ ਕਾਮੇ ਦੀ ਗੱਲ ਤੇ ਪੂਰਾ ਯਕੀਨ ਆ ਗਿਆ, "ਅਸੀਂ ਸਾਰੇ ਸਵੇਰੇ ਆਵਾਂਗੇ ਤੇ ਵੇਖਾਂਗੇ ਕਿ ਸਾਡੀ ਭੈਣ ਨੂੰ ਕਿਵੇਂ ਕੁੱਟਦਾ ਹੈ।"
ਜੱਟੀ ਦੇ ਭਰਾਵਾਂ ਕੋਲੋਂ ਹੋ ਕੇ ਉਹ ਸਿੱਧਾ ਜੱਟ ਦੇ ਭਰਾਵਾਂ ਪਾਸ ਆਇਆ ਤੇ ਉਹਨਾਂ ਨੂੰ ਆਖਿਆ, "ਦੋ ਭਾਂਡੇ ਹੁੰਦੇ ਨੇ ਤੇ ਆਪਸ ਵਿੱਚ ਖੜਕਦੇ ਹੀ ਨੇ। ਤੁਸੀਂ ਭਰਾਵਾਂ ਨੇ ਤਾਂ ਭਲਾ ਲੜਨਾ ਝਗੜਨਾ ਹੋਇਆ। ਤੁਸੀਂ ਫੇਰ ਭਾਈਆਂ ਦੇ ਭਾਈ ਹੋ। ਇੱਕੋ ਮਾਂ ਦਾ ਸੀਰ ਚੰਘਿਆ ਹੈ ਪਰ ਕੋਈ ਦੂਜਾ ਤੁਹਾਡੇ ਭਾਈ ਨੂੰ ਕਿਵੇਂ ਦਬਾਵੇ? ਤੁਹਾਡੇ ਭਾਈ ਦੇ ਸਾਲੇ ਉਹਨੂੰ ਕੱਲਾ ਜਾਣ ਕੇ ਦੂਜੇ ਤੀਜੇ ਦਿਨ ਉਸ ਦੇ ਆ ਦੁਆਲੇ ਹੁੰਦੇ ਨੇ ਉਹਨੂੰ ਮਾਰਦੇ ਕੁੱਟਦੇ ਨੇ। ਜੇਕਰ ਤੁਸੀਂ ਮੇਰੇ ਤੇ ਇਤਬਾਰ ਨਹੀਂ ਕਰਦੇ ਤਾਂ ਬੇਸ਼ਕ ਭਲਕੇ ਆ ਕੇ ਆਪਣੀਆਂ ਅੱਖਾਂ ਨਾਲ ਵੇਖ ਲੈਣਾ....।"
ਭਾਈ ਭਾਵੇਂ ਲੱਖ ਇੱਕ ਦੂਜੇ ਨਾਲ ਵੱਟੇ ਹੋਣ ਪਰ ਆਪਣੇ ਭਰਾ ਦੀ ਬੇ-ਇਜ਼ਤੀ ਨਹੀਂ ਬਰਦਾਸ਼ਤ ਕਰ ਸਕਦੇ। ਉਹਨਾਂ ਦੇ ਮਨ ਵਿੱਚ ਆਪਣੇ ਭਰਾ ਲਈ ਹਮਦਰਦੀ ਜਾਗੀ। ਉਹਨਾਂ ਨੇ ਆਪਣੇ ਭਰਾ ਦੇ ਸਾਲਿਆਂ ਨੂੰ ਪੰਜ ਸੱਤ ਗਾਲ੍ਹਾਂ ਕੱਢ ਕੇ ਆਖਿਆ, "ਅਸੀਂ ਡਾਂਗਾਂ ਲੈ ਕੇ, ਖੇਤ ਵਿੱਚ ਕੱਲ੍ਹ ਨੂੰ ਜ਼ਰੂਰ ਆਵਾਂਗੇ। ਦੇਖਦੇ ਆਂ ਉਹਨੂੰ ਕਿਹੜਾ ਮਾਈ ਦਾ ਲਾਲ ਹੱਥ ਲਾਉਂਦੈ।"
ਦੂਜੀ ਭਲਕ ਜੱਟ ਸਵੇਰੇ ਸਾਜਰੇ ਹੀ ਆਪਣੇ ਕੰਮ ਵਿੱਚ ਰੁਝ ਗਿਆ। ਚੁਗ਼ਲਖ਼ੋਰ ਵੀ ਉਹਦੇ ਨਾਲ ਹੀ ਮਚਲਾ ਬਣ ਕੇ ਕੰਮ ਕਰਵਾਉਂਦਾ ਰਿਹਾ।
ਦਿਨ ਚੜ੍ਹੇ ਜੱਟੀ ਆਪਣੇ ਘਰ ਵਾਲੇ ਅਤੇ ਕਾਮੇ ਦੀ ਰੋਟੀ ਲੈ ਕੇ ਖੇਤ ਵਿੱਚ ਆਈ।
ਜੱਟੀ ਨੂੰ ਵੇਖ ਕੇ ਚੁਗ਼ਲਖ਼ੋਰ ਮਨੋ ਮਨੀ ਹੱਸਿਆ। ਜੱਟੀ ਲੱਸੀ ਦਾ ਝੱਕਰਾ ਅਤੇ ਰੋਟੀਆਂ ਦਾ ਛਿੱਕੂ ਉਹਨਾਂ ਦੇ ਵਿਚਕਾਰ ਰੱਖ ਕੇ ਬੈਠ ਗਈ। ਜੱਟ ਡਰਦਾ ਮਾਰਿਆ ਦੂਰ ਦੂਰ ਜਾਵੇ ਤੇ ਜੱਟੀ ਪਰਤਾਵਾ ਲੈਣ ਦੀ ਮਾਰੀ ਨੇੜੇ ਨੇੜੇ ਹੋਵੇ। ਜਦੋਂ ਜੱਟੀ ਨੇ ਲੱਸੀ ਦਾ ਭਰਿਆ ਛੰਨਾ ਆਪਣੇ ਜੱਟ ਵੱਲ ਵਧਾਇਆ ਤੇ ਅੱਗੋਂ ਜੱਟ ਆਪਣੇ ਹੱਥ ਵਧਾ ਕੇ ਛੰਨਾ ਫੜਨ ਲੱਗਾ ਤਾਂ ਜੱਟੀ ਨੇ ਝੱਟ ਰੋਟੀ ਵਿਚਾਲੇ ਛੱਡ ਕੇ ਉਹਦੀ ਨੰਗੀ ਬਾਂਹ ਵੱਲ ਮੂੰਹ ਵਧਾਇਆ ਤਾਂ ਜੋ ਉਸ ਨੂੰ ਚੱਖ ਕੇ ਵੇਖ ਸਕੇ।
ਜੱਟ ਇੱਕ ਦਮ ਤ੍ਰਬਕ ਗਿਆ, "ਇਹ ਤਾਂ ਸੱਚੀਓਂ ਹਲਕ ਗਈ ਐ" ਆਖਦਿਆਂ ਪਰਾਣੀ ਚੁੱਕ ਕੇ ਜੱਟੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਜੱਟੀ ਦੇ ਭਾਈ ਵੀ ਨੇੜੇ ਹੀ ਲੁਕੇ ਬੈਠੇ ਸੀ, ਝੱਟ ਡਾਂਗਾ ਲੈ ਕੇ ਜੱਟ ਦੇ ਆ ਦੁਆਲੇ ਹੋਏ। ਉਹ ਕੁੱਟ ਹੀ ਰਹੇ ਸਨ ਕਿ ਜੱਟ ਦੇ ਭਰਾਵਾਂ ਨੇ ਵੀ ਦੁਰੋਂ ਹੀ ਆ ਲਲਕਾਰਾ ਮਾਰਿਆ, "ਜਾਇਓ ਨਾ ਬਈ-ਅੱਜ ਨਹੀਂ ਜਿਉਂਦੇ ਜਾਣ ਦੇਂਦੇ ਤੁਹਾਨੂੰ। ਤੁਸੀਂ ਵੀ ਸਾਡੇ ਭਰਾ ਨੂੰ ਕੱਲਾ ਤਕਾਇਐ।"
ਬਸ ਫੇਰ ਕੀ ਸੀ। ਦੇ ਡਾਂਗ ਤੇ ਡਾਂਗ: ਸਾਰਿਆਂ ਦੀ ਜਦੋਂ ਬੱਸ ਹੋ ਗੀ। ਪੰਜ ਚਾਰ ਮੂਧੇ ਵੀ ਪੈ ਗਏ ਤਦ ਕਿਤੇ ਜਾ ਕੇ ਅਸਲੀ ਗੱਲ ਦਾ ਪਤਾ ਲੱਗਿਆ-ਇਹ ਤਾਂ ਚੁਗ਼ਲੀ ਦੇ ਕਾਰੇ ਹਨ-ਗੱਲ ਅਸਲ ਵਿੱਚ ਕੁੱਝ ਵੀ ਨਹੀਂ ਸੀ।

98