ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੱਗੀ ਬੀਜ ਵੀ ਬੀਜ ਆਈ। ਕਾਂ ਨਾ ਅਪੜਿਆ। ਕੁਝ ਦਿਨਾਂ ਮਗਰੋਂ ਬੂਟੇ ਉੱਗ ਪਏ। ਬੂਟਿਆਂ ਨੂੰ ਪਾਣੀ ਦੇਣ ਦਾ ਸਮਾਂ ਸੀ। ਘੁੱਗੀ ਨੇ ਕਾਂ ਨੂੰ ਕਿਹਾ, "ਕਾਵਾਂ, ਕਾਵਾਂ ਚਲ ਆਪਾਂ ਬੂਟਿਆਂ ਨੂੰ ਸਿੰਜ ਆਈਏ।"
ਕਾਂ ਨੇ ਘੜਿਆ ਘੜਾਇਆ ਉੱਤਰ ਦੇ ਦਿੱਤਾ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਕਾਂ ਗੁੱਡਣ ਨਾ ਗਿਆ। ਘੁੱਗੀ ਵਿਚਾਰੀ ਕੱਲੀ ਹੀ ਗੁੱਡਦੀ ਰਹੀ। ਦਿਨ ਪਾ ਕੇ ਕਣਕ ਪੱਕ ਗਈ। ਘੁੱਗੀ ਨੇ ਫਸਲ ਪੱਕੀ ਤੱਕ ਕੇ ਕਾਂ ਨੂੰ ਵਾਢੀ ਕਰਨ ਲਈ ਕਿਹਾ, "ਕਾਵਾਂ! ਕਾਵਾਂ! ਚਲ ਆਪਾਂ ਹਾੜੀ ਵੱਢ ਆਈਏ। ਮਚਲਾ ਕਾਂ ਬੋਲਿਆ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਘੁੱਗੀ ਹਾੜੀ ਵੀ ਵੱਢ ਆਈ। ਕਾਂ ਘਰੇ ਹੀ ਰਿਹਾ। ਵਿਚਾਰੀ ਕੱਲੀ ਘੁੱਗੀ ਨੇ ਖਲਵਾੜਾ ਲਾ ਦਿੱਤਾ। ਉਹ ਦੂਜੇ ਦਿਨ ਕਾਂ ਨੂੰ ਬੋਲੀ, "ਕਾਵਾਂ! ਕਾਵਾਂ! ਚਲ ਆਪਾਂ ਕਣਕ ਗਾਹ ਲਈਏ।
ਕਾਂ ਨੇ ਪਹਿਲਾਂ ਵਾਲਾ ਹੀ ਉੱਤਰ ਕੱਢ ਮਾਰਿਆ:
ਚਲ ਮੈਂ ਆਇਆ
ਪੈਰੀ ਮੌਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।
ਕਾਂ ਕਦੋਂ ਜਾਣ ਵਾਲਾ ਸੀ। ਉਹਨੂੰ ਕੱਲੀ ਨੂੰ ਹੀ ਸਾਰੀ ਕਣਕ ਗਾਹੁਣੀ ਪਈ। ਉਹਨੇ ਗਾਹੁਣ ਮਗਰੋਂ ਉਡਾਣ ਲਈ ਧੜ ਲਾ ਦਿੱਤੀ ਅਤੇ ਆ ਕੇ ਕਾਂ ਨੂੰ ਆਖਿਆ, "ਕਾਵਾਂ! ਕਾਵਾਂ! ਚਲ ਆਪਾਂ ਹੁਣ ਧੜ ਉਡਾ ਆਈਏ।
ਪਰ ਕਾਂ ਨੇ ਪਹਿਲਾਂ ਵਾਂਗ ਹੀ ਬਹਾਨਾ ਲਾ ਦਿੱਤਾ:
ਚਲ ਮੈਂ ਆਇਆ
ਪੈਰੀਂ ਮੋਜੇ ਪਾਇਆ
ਸੋਨੇ ਚੁੰਝ ਮੜ੍ਹਾਇਆ
ਠੁਮ ਠੁਮ ਕਰਦਾ ਆਇਆ।

111