ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਈ ਦੀ ਚੁਸਤੀ


ਇੱਕ ਸੀ ਨਾਈ ਇੱਕ ਸੀ ਨਾਇਣ। ਉਹ ਚਲੇ ਚਾਲ ਤੁਰੇ ਜਾਂਦੇ ਨੇ। ਉਹ ਇੱਕ ਪਹਾੜ ਤੇ ਜਾ ਰਹੇ। ਪਹਾੜ ਉੱਪਰ ਉਹਨਾਂ ਨੂੰ ਇੱਕ ਰਾਖਸ਼ ਮਿਲਿਆ। ਉਹ ਕਹਿੰਦਾ,"ਮੈਂ ਤਾਂ ਥੋਨੂੰ ਖਾਣੈ।"
ਨਾਈ ਕਹਿੰਦਾ, "ਕਿੱਥੋਂ ਖਾਲੈਂਗਾ। ਮੈਂ ਤਾਂ ਆਪ ਤੈਨੂੰ ਫੜਨ ਆਇਆਂ-ਤੇਰੇ ਜਿਹਾ ਪਹਿਲਾਂ ਵੀ ਮੇਰੇ ਕੋਲ ਫੜਿਆ ਹੋਇਐ।"
ਰਾਖਸ਼ ਕਹਿੰਦਾ, "ਕਿੱਥੇ ਐ?"
ਨਾਈ ਨੇ ਉਹਦੇ ਮੂੰਹ ਅੱਗੇ ਸ਼ੀਸ਼ਾ ਕਰ ਦਿੱਤਾ। ਸ਼ੀਸ਼ੇ ਵਿੱਚ ਰਾਖਸ਼ ਆਪਣਾ ਚਿਹਰਾ ਦੇਖ ਕੇ ਸੱਚ ਮੰਨ ਗਿਆ ਤੇ ਡਰ ਗਿਆ।
ਰਾਖਸ਼ ਕਹਿੰਦਾ, "ਤੂੰ ਮੈਨੂੰ ਫੜ ਨਾ, ਮੈਂ ਇੱਕ ਦਿਨ ਜਗ ਕਰੂੰਗਾ, ਜੀਹਦੇ ਵਿੱਚ ਸਾਰੇ ਹੀ ਰਾਖਸ਼ ਆਉਣਗੇ। ਉਹਨਾਂ ਵਿੱਚੋਂ ਜਿਹੜਾ ਫੜਨਾ ਹੋਊ ਫੜ ਲਈਂ।"
ਰਾਖਸ਼ ਨੇ ਜਗ ਕੀਤਾ। ਉਸ ਵਿੱਚ ਸਾਰੇ ਰਾਖਸ਼ ਆਏ। ਜਿੱਥੇ ਜਗ ਰਚਾਇਆ ਗਿਆ ਉੱਥੇ ਇੱਕ ਟਾਹਲੀ ਸੀ। ਨਾਈ ਤੇ ਨਾਇਣ ਉਹਦੇ ਉਪਰ ਚੜ੍ਹਕੇ ਬੈਠ ਗਏ।
ਜਦ ਰਾਖਸ਼ ਆਏ ਉਹ ਢੋਲਕੀਆਂ ਬਜਾਉਣ ਲੱਗ ਪਏ। ਨਾਇਣ ਉਹਨਾਂ ਦੇ ਦੰਦ ਦੇਖ ਕੇ ਡਰ ਗਈ।ਉਹ ਇੱਕ ਦਮ ਥੱਲੇ ਗਿਰ ਪਈ। ਰਾਖਸ਼ ਡਰ ਕੇ ਮਾਰੇ ਦੇ ਸਾਰੇ ਈ ਨੱਸ ਗਏ।
ਨਾਈ ਤੇ ਨਾਇਣ ਚਾਉਲ ਲੈ ਕੇ ਆਪਣੇ ਘਰ ਨੂੰ ਆ ਗਏ।




17