ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਨਾਨੀ ਹੱਠ


ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ। ਉਹ ਥੋਹੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ। ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋਗੇ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ।
ਸੱਪ ਕਹਿੰਦਾ, "ਤੂੰ ਕਾਹਦੀ ਕਾਰਨ ਮੇਰੀ ਐਨੀ ਸੇਵਾ ਕਰਦੈਂ।
ਰਾਜਾ ਕਹਿੰਦਾ, "ਮੇਰੇ ਤਾਂ ਔਲਾਦ ਨੀ ਹੈਗੀ।"
ਸੱਪ ਕਹਿੰਦਾ, "ਚੰਗਾ ਤੂੰ ਮੰਗ ਜੋ ਕੁਛ ਮੰਗਣੈ ਮੇਰੇ ਕੋਲੋਂ।"
ਉਹ ਕਹਿੰਦਾ, "ਮੰਗਣਾ ਕੀ ਐ.....ਪਰ..... .।"
ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ-ਕਹਿੰਦਾ, "ਲੈ ਫੜ ਆਪਣੀ ਤੀਮੀਂ ਨੂੰ ਦੇ ਦੇ ਘਰ ਜਾ ਕੇ।"
ਰਾਜਾ ਜਦ ਜਾ ਕੇ ਫੜਾਉਣ ਲੱਗਾ ਰਾਣੀ ਕਹਿੰਦੀ, "ਮੈਂ ਕੀ ਕਰਨੈਂ-ਜਾਹ ਜਾ ਕੇ ਕਚਹਿਰੀ ਦੇ ਆ-ਗੋਲੀਆਂ ਆਪੇ ਰੱਖ ਲੈਣਗੀਆਂ।"
ਗੋਲੀਆਂ ਨੇ ਮਣਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ। ਇੱਕ ਗੋਲੀ ਦੂਜੀ ਨੂੰ ਕਹਿੰਦੀ, "ਐਸ ਸੰਦੂਕੜੀ ਨੂੰ ਉਰੇ ਲੈ ਕੇ ਆਈਂ ਚੱਕ ਕੇ।"
ਜਦ ਚੱਕਣ ਲੱਗੀ ਉਹ ਚੱਕ ਨਾ ਹੋਵੇ। ਕਹਿੰਦੀ "ਭਾਈ ਮੈਥੋਂ ਤਾਂ ਚੱਕ ਨੀ ਹੁੰਦੀ।"

ਜਦ ਕੋਲ ਜਾ ਕੇ ਸੰਦੂਕੜੀ ਖੋਹਲ ਕੇ ਦੇਖੀ ਵਿੱਚ ਮੁੰਡਾ ਅੰਗੂਠਾ ਚੁੰਘ ਰਿਹਾ ਸੀ।
ਗੋਲੀ ਨੇ ਰਾਜੇ ਨੂੰ ਜਾ ਦੱਸਿਆ। ਰਾਜਾ ਦੇਖ ਕੇ ਬਹੁਤ ਖ਼ੁਸ਼ ਹੋਇਆ। ਸਾਰੇ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ।
ਮੁੰਡਾ ਪੜ੍ਹਨ ਲੱਗ ਪਿਆ। ਉਹਨੂੰ ਇੱਕ ਮਾਸਟਰਨੀ ਪੜ੍ਹਾਉਂਦੀ ਸੀ। ਇੱਕ ਦਿਨ ਜਦ ਉਹ ਪੜ੍ਹ ਕੇ ਘਰ ਆਇਆ ਤਾਂ ਰਾਣੀ ਕਹਿੰਦੀ, "ਕਾਕਾ ਤੂੰ ਕਿਉਂ ਦਿਨੋਂ ਦਿਨ ਮਾੜਾ ਹੋਈ ਜਾਨੈਂ-ਤੈਨੂੰ ਖਾਣ ਪੀਣ ਦਾ ਕੋਈ ਘਾਟਾ ਨੀ।"
ਕਹਿੰਦਾ, "ਜਿਹੜੀ ਮੈਨੂੰ ਪੜ੍ਹਾਉਂਦੀ ਐ ਉਹ ਮੈਨੂੰ ਕੁੱਟਦੀ ਹੁੰਦੀ ਐ।"
ਰਾਣੀ ਕਹਿੰਦੀ, "ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਉਸ ਨੂੰ ਐਂ ਕਹੀਂ, ਤੂੰ ਹੁਤ ਕਰ, ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐਂ।"ਅਗਲੇ ਦਿਨ ਮੁੰਡਾ ਪੜ੍ਹਨ ਗਿਆ। ਜਦ ਉਹ ਉਹਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ, "ਹੁਤ ਕਰ, ਤੂੰ ਤਾਂ ਮੇਰੇ ਨਾਲ ਮੰਗੀ ਹੋਈ ਏਂ।" ਉਸ ਨੇ ਅੱਗੋਂ ਹੋਰ ਚੁਪੇੜਾਂ ਮਾਰੀਆਂ।

18