ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/59

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੋ ਸਾਹਸੀ ਭਰਾ

ਇੱਕ ਸੀ ਰਾਜਾ। ਉਹਦੇ ਉਲਾਦ ਨਾ ਸੀ ਹੁੰਦੀ। ਓਥੇ ਇੱਕ ਸਾਧ ਆਇਆ। ਉਹਦੀ ਉਹ ਸੇਵਾ ਵਿੱਚ ਲੱਗ ਗਿਆ।
ਸਾਧ ਕਹਿੰਦਾ, “ਮੰਗ ਬੱਚਾ ਜੋ ਕੁਝ ਮੰਗਣੈ।"
“ਥੋਡਾ ਦਿੱਤਾ ਬਹੁਤ ਕੁਝ ਐ" ਰਾਜਾ ਬੋਲਿਆ।
ਉਹਨੇ ਤਿੰਨ ਬਚਨ ਬੋਲੇ। ਤੀਜੇ ਬਚਨ ਨੂੰ ਰਾਜਾ ਕਹਿੰਦਾ, “ਮੇਰੇ ਉਲਾਦ ਨੀ ਹੁੰਦੀ, ਕਿਵੇਂ ਨਾ ਕਿਵੇਂ ਉਲਾਦ ਹੋਣ ਲੱਗ ਪਏ।"
ਸਾਧ ਕਹਿੰਦਾ, “ਕਿੰਨੀਆਂ ਰਾਣੀਆਂ ਨੇ ਤੇਰੇ।"
ਉਹ ਕਹਿੰਦਾ, “ਤਿੰਨ|”
ਇੱਕ ਵੱਡੀ ਰਾਣੀ ਉਹਦੇ ਨਾਲੋਂ ਅੱਡ ਰਹਿੰਦੀ ਸੀ। ਸਾਧ ਨੇ ਉਹਨੂੰ ਇੱਕ ਖੂੰਡਾ ਦੇ ਕੇ ਕਿਹਾ, “ਇੱਕ ਅੰਬ ਤੇ ਇਹ ਖੂੰਡਾ ਮਾਰੀਂ, ਇਹਦੇ ਨਾਲ ਤਿੰਨ ਅੰਬ ਝੜ ਆਉਣਗੇ, ਓਹੀ ਅੰਬ ਤਿੰਨਾਂ ਰਾਣੀਆਂ ਨੂੰ ਦੇ ਦਈਂ।”
ਰਾਜੇ ਨੇ ਬਾਗ ਵਿੱਚ ਜਾ ਕੇ ਅੰਬ ਉੱਤੇ ਖੂੰਡਾ ਮਾਰਿਆ। ਪਹਿਲੀ ਵਾਰੀ ਹੀ ਤਿੰਨ ਅੰਬ ਝੜ ਪਏ ਪਰ ਉਹਨੇ ਲਾਲਚ ਵਿੱਚ ਇੱਕ ਵਾਰੀ ਫੇਰ ਖੂੰਡਾ ਮਾਰਿਆ। ਐਤਕੀ ਖੂੰਡਾ ਉਪਰ ਹੀ ਫਸ ਗਿਆ। ਜਦ ਰਾਜਾ ਅੰਬ ਉੱਤੇ ਚੜ੍ਹੇ ਤਾਂ ਖੂੰਡਾ ਥੱਲੇ ਆ ਜਾਵੇ, ਜਦ ਥੱਲੇ ਆਵੇ ਤੇ ਖੂੰਡਾ ਉਪਰ ਚਲਿਆ ਜਾਵੇ। ਰਾਜਾ ਮੁੜ ਕੇ ਫੇਰ ਓਸੇ ਸਾਧ ਕੋਲ ਚਲਿਆ ਗਿਆ। ਜਾ ਕੇ ਕਹਿੰਦਾ, “ਖੰਡਾ ਉੱਤੋਂ ਨੀ ਲਹਿੰਦਾ।"
“ਤੂੰ ਦੁਆ ਮਾਰਿਆ ਹੋਉਗਾ।" ਸਾਧ ਨੇ ਪੁੱਛਿਆ।
“ਮਾਰਿਆ ਤਾਂ ਸੀਗਾ।"
"ਜਾ ਤੂੰ ਆਪਣੇ ਘਰ ਨੂੰ, ਇਹ ਅੰਬ ਤਿੰਨਾਂ ਰਾਣੀਆਂ ਨੂੰ ਇੱਕ-ਇੱਕ ਦੇ ਦਈਂ।” ਸਾਧ ਨੇ ਰਾਜੇ ਨੂੰ ਆਖਿਆ।
ਰਾਜੇ ਨੇ ਘਰ ਜਾ ਕੇ ਇੱਕ ਅੰਬ ਆਪਣੀ ਬਾਂਦੀ ਨੂੰ ਦੇ ਦਿੱਤਾ ਦੋ ਛੋਟੀਆਂ ਰਾਣੀਆਂ ਨੂੰ ਦੇ ਦਿੱਤੇ। ਤੀਜੀ ਰਾਣੀ ਨੂੰ ਉਹਨੇ ਕੁਝ ਨਾ ਦਿੱਤਾ। ਉਹ ਰਾਣੀ ਕਹਿੰਦੀ, “ਮੈਂ ਤਾਲਾਬ ਤੇ ਚਲੀ ਜਾਊਗੀ, ਰੁਮਾਲ 'ਚ ਜਿਹੜਾ ਕੁਝ ਫਸੂ ਗਾ ਮੈਂ ਖਾ ਕੇ ਮਰ ਜਾਊਂਗੀ।"
ਬੜੀ ਰਾਣੀ ਤਾਲਾਬ ਤੇ ਗਈ। ਉਹਦੇ ਰੁਮਾਲ ਵਿੱਚ ਇੱਕ ਗਾਜਰ ਫਸ ਗਈ। ਉਹਨੇ ਉਹ ਛਿੱਲੀ ਤੇ ਚਾਕੂ ਨਾਲ ਛੇ ਫਾੜੀਆਂ ਕਰ ਲਈਆਂ, ਛੇ ਹੀ ਘਰ ਨੂੰ ਲੈ ਆਈ ਦੋ ਕੁੱਤੀ ਨੂੰ ਦੇ ਦਿੱਤੀਆਂ, ਦੋ ਘੋੜੀ ਨੂੰ ਦੇ ਦਿੱਤੀਆਂ ਦੋ ਆਪ ਖਾ ਲਈਆਂ।
ਦੋਹਾਂ ਰਾਣੀਆਂ ਤੇ ਇੱਕ ਬਾਂਦੀ ਦੇ ਇੱਕ-ਇੱਕ ਮੁੰਡਾ ਹੋਇਆ, ਕੁੱਤੀ ਦੇ ਦੋ ਕਤੂਰੇ , ਘੋੜੀ ਦੇ ਦੋ ਬਛੇਰੇ ਅਤੇ ਬੜੀ ਰਾਣੀ ਦੇ ਦੋ ਲੜਕੇ ਹੋਏ।

55