ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਦਾ ਉਸੇ ਘਰ ਵਿੱਚ ਅਪੜ ਗਿਆ ਜਿੱਥੇ ਉਹਦੇ ਭਰਾ ਦੀ ਘਰਵਾਲੀ ਰਹਿੰਦੀ ਸੀ। ਉਹਨੇ ਉਹਨੂੰ ਆਪਣੇ ਭਰਾ ਬਾਰੇ ਦੱਸਿਆ। ਕੁੜੀ ਕਹਿੰਦੀ “ਕਿਧਰੇ ਉਹ ਦੱਖਣ ਵਲ ਨਾ ਗਿਆ ਹੋਵੇ।
ਦੂਜੇ ਦਿਨ ਉਹ ਆਪਣੀਆਂ ਚੀਜ਼ਾਂ ਲੈ ਕੇ ਓਧਰ ਨੂੰ ਤੁਰ ਪਿਆ....ਫੇਰ ਉਹਨੂੰ ਓਹੀ ਸੁਨਹਿਰੀ ਹਰਨ ਵਖਾਈ ਦਿੱਤਾ ਉਹ ਉਹਦੇ ਗੈਲ ਲਗ ਪਿਆ। ਓਸੇ ਘਰ ਵਿੱਚ ਹਰਨ ਤੀਵੀਂ ਬਣ ਕੇ ਬੈਠ ਗਿਆ। ਉਹ ਉਸ ਘਰ ਵਿੱਚ ਜਾ ਵੜਿਆ। ਤੀਵੀਂ ਕਹਿੰਦੀ,
"ਜੇ ਤਾਂ ਹੈਗਾ ਬਾਦਸ਼ਾਹ ਦਾ ਲੜਕਾ ਤਾਂ ਮੇਰੇ ਨਾਲ ਸਾਰਪਾਸਾ ਖੇਡ ਲੈ ਨਹੀਂ ਏਥੋਂ ਚਲਿਆ ਜਾਹ।"
“ਹੈਗਾ ਤਾਂ ਮੈਂ ਬਾਦਸ਼ਾਹ ਦਾ ਲੜਕਾ|"
ਸਿਰਾਂ ਧੜਾਂ ਦੀਆਂ ਬਾਜ਼ੀਆਂ ਲਾ ਕੇ ਦੋਨੋ ਸਾਰਪਾਸਾ ਖੇਡਣ ਲੱਗ ਪਏ। ਉਹਨੇ ਇੱਕ ਪਾਸੇ ਬਿੱਲੀ ਬਹਾਲੀ ਲਈ ਤੇ ਦੂਜੇ ਪਾਸੇ ਕੁੱਤੀ ਬਹਾਲ ਲਈ। ਅੱਗੇ ਚੂਹੇ ਜਤਾ ਦਿੰਦੇ ਸੀ ਤੀਵੀਂ ਨੂੰ। ਬਿੱਲੀ ਦੇ ਹੋਣ ਕਰਕੇ ਚੂਹੇ ਬਾਹਰ ਨਾ ਨਿਕਲੇ। ਮੁੰਡਾ ਜਿੱਤ ਗਿਆ। ਮੁੰਡੇ ਦੇ ਬਾਰਾ ਪੌ ਓਹਦੇ ਤਿੰਨ ਕਾਣੇ।
ਉਹ ਕਹਿੰਦੀ, “ਤੂੰ ਮੈਨੂੰ ਨਾ ਵੱਢ, ਮੈਂ ਸਾਰਿਆਂ ਨੂੰ ਸੁਰਜੀਤ ਕਰ ਦਿੰਨੀ ਆਂ।"
ਉਹ ਕਹਿੰਦਾ, "ਚੰਗਾ।"
ਉਹਨੇ ਸਾਰੇ ਸੁਰਜੀਤ ਕਰ ਦਿੱਤੇ। ਸਾਰੇ ਆਪਣੇ-ਆਪਣੇ ਘਰਾਂ ਨੂੰ ਉਸ ਮੁੰਡੇ ਦਾ ਧੰਨਵਾਦ ਕਰਦੇ ਚਲੇ ਗਏ। ਮੁੰਡਾ ਤੇ ਉਹਦਾ ਭਾਈ ਗੱਲਾਂ ਕਰਦੇ ਜਾਂਦੇ ਨੇ। ਬੜਾ ਕਹਿੰਦਾ, “ਤੂੰ ਵੀਰ ਕਿੱਥੋਂ ਆਇਐਂ ?” ਛੋਟਾ ਭਾਈ ਕਹਿੰਦਾ, “ਤੇਰੇ ਸੋਹਰਿਆਂ ਦੇ ਘਰ ਚੀ ਆਇਆਂ।
ਛੋਟੇ ਦੇ ਐਨਾ ਆਖਣ ਦੀ ਦੇਰ ਸੀ ਕਿ ਬੜੇ ਨੇ ਉਹਦੇ ਗਲ ਤੇ ਕਰਪਾਨ ਮਾਰ ਕੇ ਉਹਨੂੰ ਸੁੱਟ ਦਿੱਤਾ। ਬੜਾ ਘਰ ਚਲਿਆ ਗਿਆ। ਉਹਦੇ ਘਰਵਾਲੀ ਕਹਿੰਦੀ “ਤੇਰਾ ਛੋਟਾ ਭਾਈ?"
ਉਹ ਕਹਿੰਦਾ, “ਮੈਂ ਕਰਪਾਨ ਨਾਲ ਵੱਢ ਤਾ।
ਉਹ ਰੋਂਦੀ ਪਿੱਟਦੀ ਉਹਦੇ ਛੋਟੇ ਭਾਈ ਦੀ ਲੋਥ ਕੋਲ ਜਾ ਕੇ ਬਹਿਗੀ ਤੇ ਲੱਗੀ ਵਿਰਲਾਪ ਕਰਨ। ਏਨੇ ਨੂੰ ਓਧਰੋਂ ਸ਼ਿਵਜੀ ਤੇ ਪਾਰਬਤੀ ਆਉਂਦੀ ਸੀ-ਉਹਨਾਂ ਨੇ ਉਹਦੀ ਦਹਾਈ ਸੁਣੀ। ਥੱਲੇ ਉਹਨਾਂ ਕੋਲ ਆ ਗਏ। ਪਾਰਬਤੀ ਕਹਿੰਦੀ, “ਇਹ ਕੌਣ ਏ?"
ਕਹਿੰਦੀ, “ਮੇਰਾ ਦਿਓਰ ਏ। ਪਾਰਬਤੀ ਨੇ ਫੇਰ ਉਸ ਨੂੰ ਜਿਉਂਦਾ ਕਰ ਦਿੱਤਾ।
ਦੋਨੋਂ ਭਾਈ ਓਸ ਪਿੰਡ ਤੋਂ ਚਲ ਪਏ ਨਾਲ ਬੜੇ ਦੀ ਘਰਵਾਲੀ ਵੀ ਸੀ। ਆਪਣੇ ਪਿੰਡ ਪੁੱਜੇ ਤਾਂ ਅਗਾਂਹ ਉਹਨਾਂ ਦੀ ਮਾਂ ਹਾਏ ਕਲਾਪ ਕਰਦੀ ਸੀ। ਛੋਟੇ ਮੁੰਡੇ ਦੇ ਵੱਢਣ ਕਰਕੇ ਤੀਰ ਛੱਤ ਵਿੱਚੋਂ ਡਿੱਗ ਪਿਆ ਸੀ। ਰੋ-ਰੋ ਉਹਦੀਆਂ ਅੱਖੀਆਂ ਅੰਨੀਆਂ ਹੋ ਗਈਆਂ ਸਨ। ਜਾ ਕੇ ਕਹਿੰਦੇ, “ਮਾਂ ਅਸੀਂ ਆ ਗਏ।
ਪਰ ਉਹ ਮੰਨੇ ਨਾ ਕਹਿੰਦੀ, “ਜੇ ਤੁਸੀਂ ਮੇਰੇ ਪੁੱਤ ਹੋਏ ਤਾਂ ਮੇਰੀਆਂ ਦੁੱਧੀਆਂ ਚੋਂ ਦੁੱਧ ਆ ਜਾਊ ਤੇ ਅੱਖਾਂ ਖੁਲ੍ਹ ਜਾਣ ਗੀਆਂ।"
ਏਦਾਂ ਹੀ ਹੋਇਆ। ਮਾਂ ਨੇ ਆਪਣੇ ਪੁੱਤਾਂ ਨੂੰ ਗਲ ਨਾਲ ਲਾ ਲਿਆ ਤੇ ਫੇਰ ਆਪਣੇ ਘਰ ਵਿੱਚ ਖ਼ੁਸ਼ੀ-ਖ਼ੁਸ਼ੀ ਵਸਣ-ਰਸਣ ਲੱਗ ਪਏ।

58