ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਤੁਰਦੇ-ਤੁਰਦੇ ਦਿਨ ਫੇਰ ਛਿਪਣ ਲੱਗਿਆ ਤੇ ਹਨ੍ਹੇਰਾ ਹੋ ਗਿਆ। ਫੇਰ ਓਸ ਨੇ ਲਾਗੇ ਦੇ ਪਿੰਡ ਕੁੱਤਿਆਂ ਦਾ ਰੌਲਾ ਸੁਣਿਆਂ ਪਰ ਓਥੇ ਰੌਸ਼ਨੀ ਬਿਲਕੁਲ ਨਹੀਂ ਸੀ। ਦੋ ਟਕੀਆ ਕੁੱਤਿਆਂ ਦੀ ਆਵਾਜ਼ ਵਲ ਨੂੰ ਚਲਿਆ ਗਿਆ। ਉਸ ਆਪਣੇ ਆਪ ਨੂੰ ਆਖਿਆ ਏਥੇ ਪਿੰਡ ਜਰੂਰ ਐ-ਜਦੋਂ ਦੋ ਟਕੀਆ ਕੁੱਤਿਆਂ ਦੀ ਆਵਾਜ਼ ਦੇ ਐਨ ਲਵੇ ਚਲਿਆ ਗਿਆ ਤਦ ਉਹਨੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ। ਹੁਣ ਦੋਂ ਟਕੀਏ ਨੂੰ ਅਤੇ ਉਹਦੇ ਘੋੜੇ ਨੂੰ ਭੁੱਖ ਬਹੁਤ ਸਤਾ ਰਹੀ ਸੀ। ਉਹਨੇ ਇੱਕ ਆਦਮੀ ਨੂੰ ਕਿਹਾ, "ਬਈ ਦੋਸਤਾ ਮੈਨੂੰ ਰਾਤ ਕੱਟਣ ਲਈ ਮੰਜੀ, ਰੋਟੀ ਅਤੇ ਘੋੜੇ ਲਈ ਕੱਖ ਦੇ ਦੇ।"
ਭਲਾ ਆਦਮੀ ਮੰਨ ਗਿਆ। ਉਹਨੇ ਰੋਟੀ, ਮੰਜੀ, ਕੱਖ ਸਭ ਕੁਝ ਦੋ ਟਕੀਏ ਨੂੰ ਦੇ ਦਿੱਤਾ। ਰੋਟੀ ਖਾਕੇ ਦੋ ਟਕੀਏ ਨੇ ਓਸ ਆਦਮੀ ਕੋਲੋਂ ਪੁੱਛਿਆ, "ਦੋਸਤ ਦੀਵਾ ਸ਼ਹਿਰ ਵਿੱਚ ਕਿਸੇ ਨੇ ਵੀ ਨਹੀਂ ਬਾਲਿਆ।"
ਇਹ ਸੁਣ ਕੇ ਓਸ ਭਲੇ ਆਦਮੀ ਨੇ ਦੋ ਟਕੀਏ ਨਾਲ ਨਾਰਾਜ਼ਗੀ ਨਾਲ ਬੋਲਦਿਆਂ ਕਿਹਾ, "ਬਸ ਹੋਰ ਨਾ ਬੋਲ ਤੈਨੂੰ ਪਤਾ ਨੀ ਸਾਡੇ ਸ਼ਹਿਰ ਦਾ ਬਾਦਸ਼ਾਹ ਅੰਨ੍ਹਾ ਹੈ। ਉਹ ਕਹਿੰਦਾ ਹੈ ਜਦ ਮੈਂ ਸੁਜਾਖਾ ਨਹੀਂ, ਮੈਨੂੰ ਨਹੀਂ ਦਿੱਸਦਾ ਤੁਸੀਂ ਰਾਤ ਨੂੰ ਦੀਵਾ ਨਹੀਂ ਡੰਗ ਸਕਦੇ। ਇਸ ਲਈ ਇਹ ਹੁਕਮ ਸਖਤੀ ਨਾਲ ਮਨਵਾਇਆ ਗਿਐ।"
ਇਹ ਗਲ ਸੁਣ ਕੇ ਦੋ ਟਕੀਆ ਮਨੋ ਮਨੀ ਬਹੁਤ ਖੁਸ਼ ਹੋਇਆ ਤੇ ਦਿਲ ਵਿੱਚ ਆਖਣ ਲੱਗਾ ਸ਼ਾਇਦ ਮੇਰਾ ਮਨੋਰਥ ਏਥੇ ਪੂਰਾ ਹੋ ਜਾਵੇ। ਆਖਰ ਦੋ ਟਕੀਆ ਬੋਲਿਆ, "ਜੇ ਮੈਂ ਬਾਦਸ਼ਾਹ ਨੇ ਦਿਖਣ ਲਾ ਦਵਾਂ" ਤਾਂ ਅੱਗੋਂ ਓਸ ਆਦਮੀ ਨੇ ਸਖਤੀ ਨਾਲ ਆਖਿਆ,'ਅੱਗੇ ਤੇਰੇ ਵਰਗੇ ਲੋਟੂ ਪੀਰ ਬਥੇਰੇ ਆਏ ਨੇ।"
ਦੇ ਟਕੀਆ ਫੇਰ ਆਖਣ ਲੱਗਾ, "ਮੈਂ ਬਿਲਕੁਲ ਨੋ ਬਰ ਨੋ ਕਰੋ ਦੂੰਗਾ ਮੇਰੇ ਤੇ ਭਰੋਸਾ ਕਰ!" ਤਾਂ ਓਸ ਆਦਮੀ ਨੇ ਕਿਹਾ, "ਚੰਗਾ ਸਵੇਰੇ ਮੈਂ ਤੈਨੂੰ ਬਾਦਸ਼ਾਹ ਕੋਲ ਲੈ ਕੇ ਜਾਊਂਗਾ।"
ਉਹ ਰਾਤ ਨੂੰ ਪੈ ਗਏ। ਸਵੇਰ ਹੋਈ ਉਹ ਆਦਮੀ ਇਨਾਮ ਲੈਣ ਲਈ ਦੋ ਟਕੀਏ ਨੂੰ ਨਾਲ ਲੈਕੇ ਮਹਿਲਾਂ ਵਲ ਨੂੰ ਚਲਿਆ ਗਿਆ ਤੇ ਜਾਕੇ ਬਾਦਸ਼ਾਹ ਨੂੰ ਕਿਹਾ, "ਬਾਦਸ਼ਾਹ ਸਲਾਮਤ ਮੈਂ ਇੱਕ ਡਾਕਟਰ ਲੈ ਕੇ ਆਇਆਂ।"
ਬਾਦਸ਼ਾਹ ਅੱਗੋਂ ਬੋਲਿਆ, "ਚੰਗਾ-ਜੇਕਰ ਡਾਕਟਰ ਨੇ ਮੈਨੂੰ ਆਰਾਮ ਕਰ ਦਿੱਤਾ ਤਾਂ ਮੈਂ ਤੈਨੂੰ ਇੱਕ ਹਜ਼ਾਰ ਰੁਪਏ ਦਮਾਂਗਾ ਤੇ ਡਾਕਟਰ ਨੂੰ ਹੋਰ ਬਹੁਤ ਇਨਾਮ ਵਜੋਂ ਚਾਹੇ ਕੁਝ ਦੇ ਦਮਾਂ।"
ਫੇਰ ਦੇ ਟਕੀਏ ਨੇ ਚਕਵੀ ਦੀ ਬਿੱਠ ਰੁਮਾਲ ਵਿਚੋਂ ਕੱਢੀ ਤੇ ਆਪਣੇ ਹੱਥ ਤੇ ਲਵ ਨਾਲ ਘਸਾ ਕੇ ਰਾਜੇ ਦੀਆਂ ਅੱਖਾਂ ਵਿੱਚ ਇੱਕ ਇੱਕ ਸੁਰਮਚੂ ਪਾ ਦਿੱਤਾ ਤਾਂ ਰਾਜੇ ਦੀਆਂ ਅੱਖਾਂ ਚਰਾਗਾਂ ਵਾਂਗ ਖੁਲ ਗਈਆਂ। ਰਾਜਾ ਹੁਣ ਆਪਣੀ ਰਾਣੀ ਦਾ ਗੁਲਾਬੀ ਚਿਹਰਾ ਵੇਖ ਸਕਦਾ ਸੀ, ਆਪਣੀ ਜੁਆਨ ਧੀ ਨੂੰ ਵੇਖ ਸਕਦਾ ਸੀ। ਗੱਲ ਕੀ ਓਸ ਰਾਜੇ ਦੀ ਨਿਗਾਹ ਬਹੁਤ ਤੇਜ ਹੋਗੀ। ਹੁਣ ਰਾਜੇ ਨੇ ਉਸ ਆਦਮੀ ਨੂੰ ਤਾਂ ਇੱਕ ਹਜ਼ਾਰ ਰੁਪਏ ਦੇ ਕੇ ਤੋਰ ਦਿੱਤਾ ਤੇ ਦੋ ਟਕੀਏ ਨੂੰ ਆਪਣੀ ਮੁਟਿਆਰ ਧੀ ਦਾ ਡੋਲਾ ਦੇ ਦਿੱਤਾ। ਵਿਆਹ ਤੋਂ ਬਾਅਦ ਦੋ ਟਕੀਏ ਨੇ ਆਪਣੀ ਘਰ ਵਾਲੀ ਨੂੰ ਰੁਮਾਲ ਵਿਖਾ ਕੇ ਪੁੱਛਿਆ, "ਤੁਹਾਡੇ ਘਰ ਵਿੱਚ ਇਹੋ ਜਿਹਾ ਕਪੜਾ ਹੈਗਾ।"

87