ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਹਾ, "ਕੋਈ ਫਿਕਰ ਨਾ ਕਰੋ ਸਭ ਠੀਕ ਹੋ ਜੂ।" ਫੇਰ ਦੋ ਟਕੀਏ ਨੂੰ ਸਮਝਾ ਕੇ ਕਹਿੰਦੀ, "ਜਦੋਂ ਤੈਨੂੰ ਚਿਖਾ ਵਿੱਚ ਚਿਨਣ ਤਾਂ ਤੂੰ ਆਖੀਂ ਬਈ ਮੈਂ ਆਪਣੇ ਪਲੰਘ ਤੇ ਪਉਂਗਾ-ਪਊਏ ਮੇਰੇ ਪੈਰਾਂ 'ਚ ਹੀ ਰਹਿਣ। ਫੇਰ ਤੂੰ ਆਖੀਂ ਬਈ ਲਓ ਹੁਣ ਚਿਖਾ ਚਿਣ ਲਓ। ਜਦੋਂ ਚਿਖਾ ਨੂੰ ਅੱਗ ਲਾਉਣ ਲੱਗਣ ਤਾਂ ਤੂੰ ਪਲੰਘ ਨੂੰ ਆਖੀਂ-‘ਚੱਲ ਮੇਰੇ ਪਲੰਘ ਅਸਮਾਨ ਵਿੱਚ ਤਾਂ ਤੂੰ ਅਸਮਾਨ ਵਿੱਚ ਚਲਿਆ ਜਾਏਂਗਾ ਪਰ ਤੂੰ ਡਰੀਂ ਨਾ। ਆਥਣ ਨੂੰ ਪਲੰਘ ਨੂੰ ਆਖੀਂ ‘ਚਲ ਮੇਰੇ ਪਲੰਘ ਘਰ’ ਤਾਂ ਫੇਰ ਤੂੰ ਘਰ ਆਜੇਂਗਾ।"
ਦੋ ਟਕੀਆ ਤਿਆਰ ਹੋਕੇ ਸ਼ਾਹੀ ਦਰਬਾਰ ਵਿੱਚ ਚਲਿਆ ਗਿਆ ਨਾਲ ਆਪਣੇ ਪਲੰਘ ਤੇ ਪਊਏ ਵੀ ਲੈ ਗਿਆ। ਫੇਰ ਦੋ ਟਕੀਏ ਨੇ ਕਿਹਾ, "ਮੇਰਾ ਪਲੰਘ ਪਊਏ ਚਿਖਾ ਵਿੱਚ ਹੀ ਚਿਣ ਦਿੱਤੇ ਜਾਣ ਮੈਂ ਤਿਆਰ ਹਾਂ।"
ਇਸੇ ਤਰ੍ਹਾਂ ਕੀਤਾ ਗਿਆ। ਜਦ ਚਿਖਾ ਨੂੰ ਅੱਗ ਲਾਣ ਲੱਗੇ ਤਾਂ ਦੋ ਟਕੀਏ ਨੇ ਕਿਹਾ, "ਚਲ ਮੇਰੇ ਪਲੰਘ ਅਸਮਾਨ ਵਿੱਚ" ਤਾਂ ਦੋ ਟਕੀਆ ਤੇ ਉਸਦਾ ਪਲੰਘ ਅਸਮਾਨ ਵਿੱਚ ਜਾ ਪਹੁੰਚੇ।

ਚਿਖਾ ਜਲ ਰਹੀ ਸੀ। ਵਜ਼ੀਰ ਹੁਣ ਬਹੁਤ ਖੁਸ਼ ਸੀ ਅਤੇ ਦੋ ਟਕੀਏ ਦੀਆਂ ਇਸਤਰੀਆਂ ਨੂੰ ਆਪਣੇ ਘਰ ਜਾਣ ਲਈ ਸੋਚਣ ਲੱਗ ਪਿਆ ਸੀ।
ਜਦੋਂ ਆਥਣ ਹੋਈ ਤਾਂ ਦੋ ਟਕੀਏ ਨੇ ਆਖਿਆ, "ਚਲ ਮੇਰੇ ਪਲੰਘ ਘਰ " ਤਾਂ ਦੋ ਟਕੀਆ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ। ਸਾਰੇ ਸ਼ਹਿਰ ਵਿੱਚ ਇਹ ਗੱਲ ਅੱਗ ਵਾਂਗੂ ਫੈਲ ਗਈ ਬਈ ਦੋ ਟਕੀਆ ਸਵਰਗ ਲੋਕ ਵਿੱਚੋਂ ਹੋਕੇ ਵਾਪਸ ਆ ਗਿਆ ਹੈ।
ਬਾਦਸ਼ਾਹ ਨੇ ਦੋ ਟਕੀਏ ਨੂੰ ਬੁਲਾਇਆ ਅਤੇ ਪੁੱਛਿਆ, "ਤੂੰ ਐਨੀ ਜਲਦੀ ਵਾਪਸ ਕਿਉਂ ਆ ਗਿਐਂ?"
ਦੋ ਟਕੀਏ ਨੇ ਤੁਰੰਤ ਜਵਾਬ ਦੇ ਕੇ ਕਿਹਾ, "ਹਜ਼ੂਰ ਮੈਨੂੰ ਤੁਹਾਡੇ ਵਡੇਰਿਆਂ ਨੇ ਕਿਹੈ ਬਈ ਸਾਨੂੰ ਤੇਰੀ ਕੋਈ ਲੋੜ ਨੀ ਤੂੰ ਜਾ ਕੇ ਬਾਦਸ਼ਾਹ ਨੂੰ ਕਹੀਂ ਬਈ ਸਾਡੇ ਕੋਲ ਕੋਈ ਚੱਜ ਦਾ ਵਜ਼ੀਰ ਨਹੀਂ ਹੈ ਤੇ ਨਾ ਹੀ ਕੋਈ ਨਾਈ ਐ। ਇਹਨਾਂ ਦੋਹਾਂ ਆਦਮੀਆਂ ਨੂੰ ਅੱਜ ਈ ਭੇਜ ਦੇਵੋ। ਐਨ ਤਾੜਕੇ ਕਿਹੈ ਉਹਨਾਂ ਨੇ।"
ਦੋ ਟਕੀਏ ਦਾ ਤੁੱਕਾ ਚੱਲ ਗਿਆ।
ਬਾਦਸ਼ਾਹ ਨੇ ਉਸ ਕੋਲੋਂ ਰਾਏ ਲਈ, "ਆਪਾਂ ਕਿਹੜਾ ਵਜ਼ੀਰ ਘੱਲੀਏ ਤੇ ਕਿਹੜਾ ਨਾਈ ਘੱਲੀਏ।" ਤਾਂ ਦੋ ਟਕੀਏ ਨੇ ਕਿਹਾ, "ਬਾਦਸ਼ਾਹੋ ਆਪਣਾ ਵਜ਼ੀਰ ਬੜਾ ਲਾਇਕ ਐ-ਨਾਲੇ ਨਾਈ ਵੀ ਐ-ਕੱਲਾ ਈ ਦੋਏ ਕੰਮ ਸਾਰਦੁ।"
ਬਾਦਸ਼ਾਹ ਦੇ ਮਨ ਇਹ ਗਲ ਪੁੜ ਗਈ। ਉਹਨੇ ਵਜ਼ੀਰ ਨੂੰ ਚਿਖਾ ਵਿੱਚ ਚਿਨਣ ਦਾ ਹੁਕਮ ਦੇ ਦਿੱਤਾ। ਵਜ਼ੀਰ ਨੂੰ ਚਿਖਾ ਵਿੱਚ ਚਿਨਣ ਦੀ ਤਿਆਰੀ ਕੀਤੀ ਗਈ। ਵਜ਼ੀਰ ਨੂੰ ਚਿਖਾ ਵਿੱਚ ਚਿਣ ਕੇ ਅੱਗ ਲਾਈ ਗਈ। ਫੇਰ ਕੀ ਸੀ ਵਜ਼ੀਰ ਅੱਗ ਵਿੱਚ ਸੜਕੇ ਸੁਆਹ ਹੋ ਗਿਆ। ਦੋ ਟਕੀਏ ਨੂੰ ਮਾਰਦਾ ਮਾਰਦਾ ਵਜ਼ੀਰ ਆਪਣੀ ਜਾਨ ਗੁਆ ਬੈਠਾ। ਵਜ਼ੀਰ ਦੇ ਘਰ ਦੇ ਤੇ ਰਿਸ਼ਤੇਦਾਰ ਰੋਣ ਪਿੱਟਣ ਲੱਗੇ।
ਬਾਦਸ਼ਾਹ ਨੇ ਦੋ ਟਕੀਏ ਨੂੰ ਆਪਣਾ ਵਜ਼ੀਰ ਬਣਾ ਲਿਆ। ਉਹ ਆਰਾਮ ਨਾਲ ਆਪਣਾ ਕੰਮ ਕਰਨ ਲੱਗਾ।

92