ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"'ਚੁਸਤ ਜੱਟ"'


ਇੱਕ ਸੀ ਬਾਹਮਣ ਇੱਕ ਸੀ ਜੱਟ। ਬਾਹਮਣ ਨੂੰ ਜੱਟ ਕਹਿੰਦਾ, "ਮੇਰਾ ਵਿਆਹ ਕਦ ਹੋਊ।
ਬਾਹਮਣ ਕਹਿੰਦਾ, "ਤੇਰਾ ਵਿਆਹ ਤਾਂ ਹੋਇਆ ਹੋਇਐ। ਕਿਸੇ ਪਿੰਡ ਤੇਰੀ ਬਹ ਦੇ ਗੋਦੀ ਮੁੰਡਾ ਖੇਡਦੈ। ਚੱਲ ਚੱਲੀਏ ਉਹਨੂੰ ਲੈਣ।"
ਉਹ ਦੋਨੋਂ ਤੁਰ ਪਏ-ਚਲੋ ਚਾਲ। ਇੱਕ ਖੂਹ ਉੱਤੇ ਇੱਕ ਤੀਵੀਂ ਪਾਣੀ ਭਰ ਰਹੀ ਸੀ। ਬਾਹਮਣ ਕਹਿੰਦਾ, "ਆਹ ਤੇਰੀ ਬਹੂ ਐ।"
ਜੱਟ ਕਹਿੰਦਾ, "ਗੱਲ ਤਾਂ ਤੇਰੀ ਸੱਚੀ ਐ।"
ਬਾਹਮਣ ਆਪ ਨੱਸ ਆਇਆ ਤੇ ਜੱਟ ਓਥੇ ਹੀ ਰਹਿ ਪਿਆ। ਤੀਵੀਂ ਪਾਣੀ ਦਾ ਘੜਾ ਭਰ ਕੇ ਤੁਰ ਪਈ ਜੱਟ ਉਹਦੇ ਗੈਲ-ਗੈਲ ਉਹਦੇ ਘਰ ਚਲਿਆ ਗਿਆ ਤੇ ਮੰਜੇ ਤੇ ਜਾ ਕੇ ਬੈਠ ਗਿਆ। ਬਾਹਰੋਂ ਤੀਵੀਂ ਦੇ ਘਰ ਵਾਲਾ ਆ ਗਿਆ। ਜੱਟ ਆ ਕੇ ਆਪਣੀ ਬਹੂ ਨੂੰ ਕੁੱਟਣ ਲੱਗ ਪਿਆ। ਪਰਾਹੁਣਾ ਬਣਿਆ ਜੱਟ ਉਸੇ ਜੱਟ ਨੂੰ ਕੁੱਟਣ ਲੱਗ ਪਿਆ। ਜਿਹੜਾ ਪਹਿਲਾਂ ਕੁੱਟਣ ਲੱਗਿਆ ਸੀ ਕਹਿੰਦਾ, "ਚਲ ਠਾਣੇ।
ਦੂਜਾ ਕਹਿੰਦਾ, "ਚਲ ਠਾਣੇ।"
ਦੋਨੋਂ ਠਾਣੇ ਨੂੰ ਤੁਰ ਪਏ। ਪਹਿਲਾ ਜੱਟ ਕਹਿੰਦਾ, "ਠਾਣੇ ਤਾਂ ਆਪਾਂ ਜਾਣਾ ਈ ਐ ਪਹਿਲਾਂ ਸਿਰ ਨੂੰ ਤੇਲ ਲਾ ਲਈਏ।"
ਦੋਨੋਂ ਤੇਲੀ ਦੇ ਘਰ ਚਲੇ ਗਏ। ਪਰਾਹੁਣਾ ਜੱਟ ਜਾ ਕੇ ਕਹਿੰਦਾ, "ਆਨੇ ਦਾ ਤੇਲ ਦਈਂ।"
ਤੇਲੀ ਕਹਿੰਦਾ, "ਕਰ ਹੱਥ।"
ਜਦ ਉਹਨੇ ਹੱਥ ਕੀਤਾ ਤੇਲੀ ਤੋਂ ਤੇਲ ਥੱਲ੍ਹੇ ਡੁਲ੍ਹ ਗਿਆ। ਤੇਲੀ ਕਹਿੰਦਾ, "ਤੇਰੀ ਬਲਾ ਗਈ।"
ਜੱਟ ਕੋਲ ਸੀ ਸਲੰਘ। ਜੱਟ ਨੇ ਸਾਰੇ ਹੀ ਤੇਲੀ ਦੇ ਕੁੱਪੇ ਮਧਿਆ ਦਿੱਤੇ ਕਹਿੰਦਾ, "ਤੇਰੀ ਵੀ ਬਲਾ ਗਈ।"
ਜੱਟ ਕਹਿੰਦਾ, "ਤਿੰਨ ਅਸੀਂ ਆਂ ਚੌਥਾ ਤੂੰ, ਚਲ ਠਾਣੇ।"
ਚਾਰੇ ਤੁਰ ਪਏ। ਰਸਤੇ ਵਿੱਚ ਰੋਹੀ ਸੀ-ਓਸ ਵਿੱਚ ਇੱਕ ਬੁੜੀ ਬੈਠੀ ਚਰਖਾ ਕੱਤ ਰਹੀ ਸੀ। ਬੁੜੀ ਕਹਿੰਦੀ, "ਕਿੱਥੇ ਨੂੰ ਚੱਲਓ।"
ਜੱਟ ਕਹਿੰਦਾ, "ਲੈਂਕਾ ਨੂੰ।"
ਬੁੜੀ ਕਹਿੰਦੀ, "ਲੈਂਕਾ ਕਹੀ ਜਹੀ ਸੀ।

93