ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੁਲਾਕਾਤ ਕਰਵਾਸਾਂ ਰਜ ਕੇ, ਖੁਸ਼ ਹੋ ਜਾਸੋ ਸਾਰੇ।
ਮੱਥਾ ਵੱਟ ਕੇ ਬੋਲੀ 'ਊਂ ਹੂੰ, ਲੋੜ ਨ ਇਸ ਦੀ ਉੱਕੀ
'ਬੋਰੀ ਜੋ ਸੀ ਉਸ ਚਰਾਈ, ਉਹ ਹੈ ਕਲ੍ਹ ਦੀ ਮੁੱਕੀ
'ਮੈਂ ਚਾਂਹਦੀ ਹਾਂ, ਇਕ ਦਿਨ ਉਸਨੂੰ ਜੇ ਛੁੱਟੀ ਮਿਲ ਜਾਵੇ
'ਬੋਰੀ ਹੋਰ ਚੁਰਾ ਇਕ ਕਿਤਿਓਂ, ਘਰ ਸਾਡੇ ਦੇ ਆਵੇ'
ਜੇਲਰ ਰੋਯਾ “'ਸੁਥਰਾ' ਹਸਿਆ 'ਵਾਹਵਾ ਤੇਰਾ ਹੋਣਾ
'ਕਿਸੇ ਲਈ ਨਹੀਂ ਰੋਂਦਾ ਕੋਈ, ਸਭ ਨੂੰ ਆਪਣਾ ਰੋਣਾ ।'

ਖ਼ੁਦਗ਼ਰਜ਼ਾਂ ਦੀ ਫੁਲਾਹੁਣੀ

ਕਾਂ, ਗਿੱਦੜ, ਬਘਿਆੜ, ਊਠ, ਸਨ ਸ਼ੇਰ ਪਾਸ ਦਰਬਾਰੀ
ਮਾਰ ਸ਼ੇਰ ਦੀ ਖਾਵਣ ਚਾਰੇ, ਮੌਜ ਲਗੀ ਸੀ ਭਾਰੀ
ਸ਼ੇਰ ਪਿਆ ਬੀਮਾਰ, ਚੌਹਾਂ ਨੂੰ ਫਾਕੇ ਆਉਣ ਲੱਗੇ
ਕਾਂ, ਗਿੱਦੜ, ਬਘਿਆੜ ਪਾਲਸੀ ਮਿਥ ਕੇ ਹੋਏ ਅੱਗੇ
ਕਾਂ ਨੇ ਕਿਹਾ ਸ਼ੇਰ ਨੂੰ 'ਸਵਾਮੀ, ਟੁਕੜੇ ਮਿਰੇ ਕਰਾਵੋ,
‘ਦੁੱਖ ਆਪ ਦਾ ਦੇਖ ਨ ਸੱਕਾਂ, ਮਾਸ ਮਿਰਾ ਲੈ ਖਾਵੋ ।'
ਪਾਸੋਂ ਗਿੱਦੜ ਕੂਯਾ ‘ਹਟ ਤੂੰ, ਮਾਸ ਤਿਰਾ ਹੈ ਗੰਦਾ
‘ਸਵਾਮੀ ਤੋਂ ਸਦਕੇ ਮੈਂ ਹੋਵਾਂ, ਮਾਸ ਦਿਆਂ ਦੇਹ ਸੰਦਾ ।'
ਗੱਲ ਟੁੱਕ ਕੇ ਬਘਿਆੜ ਬੋਲਿਆ, ਦੋਵੇਂ ਤੁਸੀਂ ਨਕਾਰੇ,
'ਅਪਨੇ ਮਾਲਕ ਕਿਰਪਾਲੂ ਤੋਂ ਮੈਂ ਜਾਵਾਂਗਾ ਵਾਰੇ,
ਹੇ ਸਵਾਮੀ! ਮੇਰਾ ਸਿਰ ਵਢੋ, ਗੋਸ਼ਤ ਛਕੋ-ਛਕਾਓ,
'ਸਫਲ ਕਰਾਓ ਜੀਵਨ ਮੇਰਾ, ਅਪਨਾ ਵਰਤ ਹਟਾਓ ।'
ਰੀਸੋ ਰੀਸੀ ਊਠ ਵਿਚਾਰਾ ਭੀ ਚਾ ਅੱਗੇ ਹੋਯਾ
ਓਹ ਕੀ ਜਾਣੇ, ਤਿੰਨੇ ਸਾਥੀ ਦੇਸਣ ਮੈਨੂੰ ਟੋਯਾ
ਕਹਿਣ ਲਗਾ 'ਹੇ ਮਾਲਿਕ, ਹਾਜ਼ਿਰ ਸਿਰ ਸਰੀਰ ਹੈ ਮੇਰਾ ।'
ਤਿੰਨੇ ਸਾਥੀ ਬਲ ਉਠੇ ਝਟ 'ਧੰਨ ' ਜਨਮ ਹੈ ਤੇਰਾ,
'ਸ਼ਾਵਾ, ਓ ਨੇਕੀ ਦੇ ਪੁਤਲੇ, ਵਾਹ ਤੇਰੀ ਕੁਰਬਾਨੀ,
'ਵਫ਼ਾਦਾਰ ਤੂੰ ਸਭ ਤੋਂ ਵਧ ਕੇ ਹੈਂ ਸੂਰਾ ਲਾਸਾਨੀ ।'

- ੭੪ -