ਪੰਨਾ:ਬਾਦਸ਼ਾਹੀਆਂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚੇ ਦਿਲੋਂ ਕਰਨ ਹਮਦਰਦੀ ਰੋ ਰੋ ਕਰਨ ਪੁਕਾਰਾਂ
‘ਕੁਤੇ ਨੂੰ ਦੇਵੋ ਲਖ ਰੋਟੀ, ਕੱਲਾ ਖਾਣੀ ਚਾਹੇ
‘ਦਿੱਸੇ ਹੋਰ ਭਰਾ ਜੇ ਨੇੜੇ, ਖੱਲ ਓਸ ਦੀ ਲਾਹੇ
'ਅਹੋ ! ਮਨੁਖ ਨਸੀਹਤ ਚੰਗੀ, ਕਾਵਾਂ ਤੋਂ ਨਹੀਂ ਲੈਂਦੇ
ਕੁਤਿਆਂ ਵਾਂਗੂੰ ਸਕੇ ਭਰਾ ਨੂੰ ਰੋਟੀਓਂ ਵੱਢਣ ਪੈਂਦੇ ।'

ਕਰੜਾ ਕੈਪਟਨ

ਇਕ ਜਹਾਜ਼ੀ ਕਰੜਾ ਕੈਪਟਨ ਇਕ ਦਿਨ ਸੰਧਯਾ ਵੇਲੇ,
ਪੈਰ ਤਿਲਕ ਕੇ ਡਿਗਾ ਸਿੰਧ ਵਿਚ,ਲਗਾ ਕਰਨ ਵਾ-ਵੇਲੇ
ਇਕ ਮਲਾਹ ਨੇ ਵਾਜ ਸੁਣੀ ਤਾਂ ਭੱਜਾ ਭੱਜਾ ਆਯਾ
ਛਾਲ ਮਾਰ ਕੇ ਫੜਿਆ ਉਸ ਨੂੰ ਡੁਬਦੇ ਤਈਂ ਬਚਾਯਾ
ਕੈਪਟਨ ਉਸਨੂੰ ਪੁਛਣ ਲਗਾ, ਕਰਕੇ ਕਿਰਪਾ ਭਾਰੀ,
‘ਦਸ ਜਵਾਨਾਂ, ਕਿਵੇਂ ਕਰਾਂ ਮੈਂ ਤੇਰੀ ਸ਼ਕਰ ਗੁਜ਼ਾਰੀ ?
'ਦਿਆਂ ਇਨਾਮ, ਖ਼ਤਾਬ ਦਿਵਾਵਾਂ,ਕਰਾਂ ਤਰੱਕੀ ਤੇਰੀ ?
'ਇਸ ਵੇਲੇ ਹੈ ਤੇਰੇ ਉੱਤੇ ਹੋਈ ਕਿਰਪਾ ਮੇਰੀ ।'
ਹਥ ਜੋੜ ਕੇ ਕਿਹਾ ਓਸ ਨੇ 'ਇਹੋ ਇਨਾਮ ਦਿਵਾਓ
'ਇਹ ਗੱਲ ਕਿਸੇ ਤਈਂ ਨਾ ਦਸੋ, ਏਥੇ ਹੀ ਭੁਲ ਜਾਓ
'ਹੋ ਕਰੜੇ ਕਪਤਾਨ ਤੁਸੀਂ ਸਭ ਤਈਂ ਘੂਰਦੇ ਰਹਿੰਦੇ
ਮਜ਼ਬੂਰੀ ਵਿਚ ਲੋਕ ਤੁਸਾਂ ਥੋਂ ਗਾਲ੍ਹਾਂ-ਠੁੱਡੇ ਸਹਿੰਦੇ
'ਕੋਈ ਮਤਹਿਤ ਦਿਲੋਂ ਨਹੀਂ ਰਾਜ਼ੀ ਮੰਗਣ ਸਦਾ ਦੁਆਈਂ
ਇਸ ਕਰੜੇ ਕੈਪਟਨ ਨੂੰ ਰੱਬਾ, ਛੇਤੀ ਮੌਤ ਲਿਆਈਂ
'ਜੇ ਓਹਨਾਂ ਨੇ ਸੁਣਿਆ, ਮੈਂ ਹੈ ਥੋਡੀ ਜਾਨ ਬਚਾਈ
'ਬੋੱਟੀ ਬੋੱਟੀ ਮਿਰੀ ਕਰਨ ਨੂੰ ਆਵਣਗੇ ਕਰ ਧਾਈ
'ਇਸ ਹਿਤ ਇਸ ਘਟਨਾ ਨੂੰ ਬਿਲਕੁਲ ਏਥੇ ਹੀ ਭੁਲਜਾਓ
'ਨਾ ਇਨਾਮ ਕੁਈ ਬਖ਼ਸ਼ੋ ਮੈਨੂੰ, ਨਾ ਪੌਲੇ ਲਗਵਾਓ।'
ਅਤਿ ਸ਼ਰਮਿੰਦਾ ਹੋ ਕੈਪਟਨ ਨੇ ਕਸਮ ਅਗੇ ਤੋਂ ਖਾਧੀ
‘ਸੁਥਰੇ' ਵਾਂਗੂੰ ਮਿਠ ਬੋਲੀ ਦੀ ਅਪਨੀ ਵਾਦੀ ਸਾਧੀ

-੭੬-