ਕੰਮ ਬਹੁਤੇ ਵੇਲਾ ਥੋੜ੍ਹਾ
ਇਕ ਵੱਡਾ ਲੋਕ ਉਦਾਸ ਬੜਾ, ਆ ਰੋਯਾ ਮੇਰੇ ਪਾਸ ਬੜਾ:-
'ਫ਼ਿਕਰਾਂ ਹੈ ਖਾਧਾ ਮਾਸ ਬੜਾ, ਮੇਹਨਤ ਨੇ ਕੀਤਾ ਨਾਸ ਬੜਾ
'ਕੰਮ ਬਹੁਤੇ ਵੇਲਾ ਥੋੜਾ ਹੈ
'ਇਕ ਮਿੰਟ ਮਿੰਟ ਦਾ ਤੋੜਾ ਹੈ
‘ਗਲ ਪਏ ਝਮੇਲੇ ਇਤਨੇ ਨੇ, ਨਾ ਵਾਲ ਜਿਸਮ ਤੇ ਜਿਤਨੇ ਨੇ
'ਨਿਤ ਨਵੇਂ ਜਾਗਦੇ ਫਿਤਨੇ ਨੇ, ਦਿਲ ਪਕ ਪਕ ਹੋਯਾ ਫੋੜਾ ਹੈ
'ਕੰਮ ਬਹੁਤੇ ਵੇਲਾ ਥੋੜਾ ਹੈ
'ਨਾ ਰਹੇ ਰੇਤ-ਦੀਵਾਰ ਖੜੀ, ਨਿਤ ਮੁਕੀ ਨਵੀਂ ਤਿਆਰ ਖੜੀ
'ਸਿਰ ਨਵੀਂ ਰੋਜ਼ ਤਲਵਾਰ ਖੜੀ, ਨਾ ਮੁਕਦਾ ਧੰਦਾ ਧੋੜਾ ਹੈ
'ਕੰਮ ਬਹੁਤੇ ਵੇਲਾ ਥੋੜਾ ਹੈ
‘ਸਿਰ ਦੁਖਦਾ ਹੈ, ਗਲ ਪੁਖਦਾ ਹੈ, ਮਨ ਚੱਕਰ-ਕੰਡੇ ਜੁਖਦਾ ਹੈ
'ਸਾਹ ਔਂਦਾ ਕਦੇ ਨ ਸੁਖ ਦਾ ਹੈ, ਹਰ ਕਦਮ ਅਟਕਦਾ ਰੋੜਾ ਹੈ
'ਕੰਮ ਬਹੁਤੇ ਵੇਲਾ ਥੋੜਾ ਹੈ
'ਕੀ ਕਰਾਂ ? ਕਿਧਰ ਨੂੰ ਜਾਵਾਂ ਮੈਂ ! ਕੰਮਾਂ ਤੋਂ ਜਾਨ ਛੁਡਾਵਾਂ ਮੈਂ
‘ਕੁਝ ਸ਼ਾਂਤੀ ਜਗ ਤੇ ਪਾਵਾਂ ਮੈਂ ! ਹੁਣ ਮੂੰਹ ਭੀ ਹੋਯਾ, ਬੋੜਾ ਹੈ
'ਕੰਮ ਬਹੁਤੇ ਵੇਲਾ ਥੋੜਾ ਹੈ
ਮੈਂ ਕਿਹਾ: ਸ਼ੁਦਾਈ ਵੀਰਾ ਓ, ਸੁਟ ਪਰੇ ਵਡਾਈ-ਚੀਰਾ ਓ
ਤ੍ਰਿਸ਼ਨਾ ਦਾ ਬਦਲ ਵਤੀਰਾ ਓ, ਵਸ ਕਰ ਜੋ ਮਨ ਦਾ ਘੋੜਾ ਹੈ
'ਫਿਰ ਸੁਖਦਾ ਮੂਲ ਨ ਤੋੜਾ ਹੈ
'ਹੈ ਜ਼ਰਾ ਕੁ ਫੇਰ ਰਿਓੜੀ ਦਾ, ਮਨ ਇਧਰੋਂ ਓਧਰ ਜੋੜੀ ਦਾ
'ਤੇ ਟੰਗ ਪਸਾਰਨ ਛੋੜੀ ਦਾ, ਝਟ ਮਿਲਦਾ ਸੁਖ-ਜਸ ਜੋੜਾ ਹੈ।
'ਜਗ ਲਗਦਾ 'ਸੁਥਰਾ' ਕ੍ਯੋੜਾ ਹੈ
'ਸੁਖ ਬਹੁਤੇ ਧੰਦਾ ਥੋੜਾ ਹੈ।'
-੭੭ -