ਪੰਨਾ:ਬਾਦਸ਼ਾਹੀਆਂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਬੋੱਲੀ-ਸੂਲ ਚੋਭ ਕੇ, ਹੋਰ ਦੁਖਾਣਾ ਠੀਕ ਨਹੀਂ
ਅਪਨੇ ਮਿੱਤਰ ਨਾਲ ਦੋਸਤੀ, ਕਾਇਮ ਰਖਣਾ ਜੇ ਚਾਹੋ,
ਕਰਜ਼ਾ ਮੰਗਣਾ, ਝੂਠ ਬੋਲਣਾ, ਨਿਤ ਘਰ ਜਾਣਾ ਠੀਕ ਨਹੀਂ !
ਸੌ ਦੀ ਇਕ ਗੱਲ ਕਹਿ ਦੇਂਦੇ ਹਾਂ, ਗੁਸਾ ਕਰੋ ਤਾਂ ਓਹ ਜਾਣੇ,
ਚਾਰ ਦਿਨਾਂ ਦੀ ਦੌਲਤ ਤੇ ਹੰਕਾਰ ਦਿਖਾਣਾ ਠੀਕ ਨਹੀਂ !
ਬੜੇ ਬੜੇ ਬਲਵਾਨ, ਧੂੜ ਧੂਮ ਸਮ, ਉੱਠੋ ਤੇ ਫਿਰ ਖ਼ਾਕ ਮਿਲੋ,
ਜ਼ੋਰ ਵਾਲਿਆ ! ਤੂੰ ਭੀ ਮਿਟਸੇਂ, ਧੌਂਸ ਜਮਾਣਾ ਠੀਕ ਨਹੀਂ !
ਔਣਾ ਜੇ ਤਾਂ ਦਿਨ ਦੀਵੀਂ, ਮੂੰਹ ਖੁਲ੍ਹੇ, ਸਾਮਰਤਖ ਆਓ,
ਚੋਰੀ ਚੋਰੀ, ਰਾਤੀਂ ਸੁਤਿਆਂ ਸੁਪਨੇ ਆਣਾ ਠੀਕ ਨਹੀਂ !
ਠੀਕ ਅਤੇ ਬੇਠੀਕ ਮਾਮਲੇ ਲੱਖ-ਕਰੋੜਾਂ ਹਨ 'ਸੁਥਰੇ’
ਮਗਰ ਕਿਸੇ ਨੂੰ ਜੱਗ ਤੇ ਬਾਬਾ, ਭੁੱਲ ਸਤਾਣਾ ਠੀਕ ਨਹੀਂ !

ਦੌਲਤ ਦੀਆਂ ਦੋ ਠੋਕਰਾਂ

'ਵਿਸ਼ਵਾ ਮਿਤਰ ਤਈਂ 'ਮੇਨਕਾ' ਨੇ ਸੀ ਜ੍ਯੋਂ ਭਰਮਾ ਦਿਤਾ
ਕਿਉਂ 'ਮਾਯਾ’ ਨੇ ਮੇਰੇ ਸਾਹਮਣੇ ਆਣ ਮੋਰਚਾ ਲਾ ਦਿਤਾ
ਹੱਸਣ, ਗੁੜ੍ਹਕਣ, ਛੇੜਨ, ਲੁੜ੍ਹਕਨ, ਨੱਚਣ ਭੁੜਕਣ ਗਾਣ ਲੱਗੀ
ਹਾਵ, ਭਾਵ ਦੇ ਨਖ਼ਰੇ ਕਰਕੇ, ਮੇਰਾ ਦਿਲ ਫ਼ੁਸਲਾਣ ਲੱਗੀ
ਸੋਹਣੀ ਸ਼ਕਲ ਸੁਨਹਿਰੀ ਕਪੜੇ, ਹੀਰੇ ਮੋਤੀ ਲਾਲ ਸਜੇ
'ਸੋਲਾਂ' ਜੋ 'ਸ਼ਿੰਗਾਰ' ਆਖਦੇ, ਬੜੀ ਸੁੰਦਰਤਾ ਨਾਲ ਸਜੇ
ਮੂੰਹ ਵਿਚ ਪਾਨ, ਅੱਖਾਂ ਵਿਚ ਕੱਜਲ, ਵਾਲਾਂ ਵਿਚ ਫੁਲ, ਸੋਭ ਰਹੇ
ਮਹਿੰਦੀ, ਅਤਰ, ਬਿੰਦੀਆਂ, ਗਜਰੇ ਤੀਰ ਦਿਲਾਂ ਵਿਚ ਖੋਭ ਰਹੇ
ਝਿਲਮਿਲ ਝਿਲਮਿਲ ਜਗਮਗ ਜਗਮਗ ਛਣ ਛਣ ਛਣ ਛਣ ਮੋਂਹਦੀ ਸੀ
ਹਰ ਹਿਰਦੇ ਨੂੰ, ਛੋਂਹਦੀ ਜੋਂਹਦੀ ਟੋਂਹਦੀ ਕੋਂਹਦੀ ਖੋਂਹਦੀ ਸੀ
ਪਰ ਆਪਾਂ ਦੇ ਕਮਲ ਰਿਦੇ ਨੂੰ,ਓਹ ਸਮ ਜਲ ਨਾ ਭਿਓਂ ਸਕਿਆ
ਜਗਤ-ਨਿਵਾਣੀ ਨਖ਼ਰੇਲੋ ਤੋਂ ਸਾਡਾ ਸਿਰ ਨਾ ਨਿਓਂ ਸਕਿਆ
ਹੱਥ ਜੋੜ ਪੈ ਪੈਰੀਂ ਬੋਲੀ 'ਤੂੰ ਹੈਂ 'ਸੁਥਰੇ'! ਧੰਨ ਕਵੀ
'ਵਿਰਲਾ ਕੁਈ, ਤਿਰੇ ਸਮ, ਮੇਰਾ ਮਾਣ ਦੇਂਵਦਾ ਭੰਨ ਕਵੀ

-੮੩-