ਅਪਨੀਆਂ ਭੁੱਲਾਂ ਤੇ ਸ਼ਰਾਰਤਾਂ ਦੀ ਸਭੇ ਮਾਫ਼ੀ ਮੰਗਦੇ ਹਾਂ
ਏਸ ਸਕੂਲ ਪਿਆਰੇ ਨੂੰ ਰਬ ਉੱਨਤੀਆਂ ਹਰ ਪਲ ਬਖਸ਼ੇ
ਅਤੇ ਤੁਹਾਨੂੰ ਖੁਸ਼ੀ, ਤਰੱਕੀ, ਇਜ਼ਤ, ਦੌਲਤ, ਬਲ ਬਖਸ਼ੇ
ਫ਼ੇਅਰਵੈੱਲ ਐ ਯਾਰ ਸਾਥੀਓ, ਵਿਛੜਨ ਵੇਲਾ ਆਯਾ ਹੈ
ਇਮਤਿਹਾਨ ਨੇ ਝੋਟੇ ਵਾਂਗੂੰ ਆ ਕੇ ਖ਼ੌਰੂ ਪਾਯਾ ਹੈ
ਨਾ ਏਹ 'ਵੈੱਲ' ਤੇ ਨਾ ਹੈ 'ਫ਼ੇਅਰ' ਪਰ ‘ਫੇਅਰਵੈੱਲ' ਕਹਿੰਦੇ ਹਾਂ
‘ਵੈੱਲ ਫੇਅਰ’ ਹਾਂ ਤੁਹਾਡੀ ਚਾਹੁੰਦੇ, ਦੇਣ ਦੁਆਵਾਂ ਡਹਿੰਦੇ ਹਾਂ
ਇਮਤਿਹਾਨ ਨੇ ਆ ਕੇ ਭਾਵੇਂ ਹੋਸ਼ਾਂ ਕੁਲ ਭੁਲਾਈਆਂ ਨੇ
ਹਾਸੇ, ਝਗੜੇ, ਬੇਪਰਵਾਹੀਆਂ, ਖੇਡਾਂ ਖ਼ਾਕ ਰੁਲਾਈਆਂ ਨੇ
ਮਗਰ ਸ਼ੁਕਰ ਹੈ 'ਦਸ ਨੰਬਰ' ਦੀ ਤੁਸੀਂ ਜਮਾਤੋਂ ਲੰਘੋਗੇ
ਇਸ ਰਜਿਸਟਰੋਂ ਨਾਮ ਕਢਾ ਕੇ ਖੁਸ਼ ਹੋ, ਅਕੜੋ ਖੰਘੋਗੇ
ਬੇਸ਼ਕ ਮੌਜਾਂ ਇਥੋਂ ਦੀਆਂ ਕਰ ਯਾਦ ਉਮਰ ਭਰ ਰੋਵੋਗੇ
ਵਤ 'ਸਟੂਡੈਂਟ' ਬਣਨ ਲਈ, ਪਏ 'ਫ਼ੀਦ' ਵਾਂਗ ਮੂੰਹ ਧੋਵੋਗੇ
ਭਾਵੇਂ ਹਿਰਦੇ ਘਿਰਦੇ ਨੇ ਕਿ ਏਥੋਂ ਅਪਾਂ ਨਾ ਜਾਈਏ
ਫਿਰ ਭੀ ਸਭ ਏ ਚਾਹੁੰਦੇ ਨੇ ਕਿ ਫੇਹਲ ਹੋ ਮੁੜ ਕੇ ਨਾ ਆਈਏ
ਕਈ ਵਿਚਾਰੇ ਕਾਲਜ ਜਾ ਕੇ ਪਏ ਕਾਲਜੇ ਖਾਂਦੇ ਨੇ
ਕਈ ਤੇਲ ਹਨ ਪਏ ਵੇਚਦੇ ਕਈ ਬੂਹੇ ਖੜਕਾਂਦੇ ਨੇ
ਪਰ ਹੈ ਬਿਨੇ ਦੋਸਤੋ ਮੌਜਾਂ ਤੁਸਾਂ ਤਈਂ ਸਭ ਲਗ ਜਾਵਣ
ਕਾਮਯਾਬੀਆਂ ਦੇ ਲਖ, ਦੀਵ, ਤੁਹਾਡੇ ਅਗੇ ਜਗ ਜਾਵਣ
ਪਾਸ ਪ੍ਰੀਖਿਆ ਵਿਚੋਂ ਹੋਵੋ, ਮੁੜ ਮੈਟ੍ਰਿਕ ਵਿਚ ਆਓ ਨਾ
ਮਗਰ ਸਕੂਲ ਪਿਆਰੇ ਨੂੰ ਦਿਲ ਵਿਚੋਂ ਕਦੀ ਭੁਲਾਓ ਨਾ
ਮੌਜਾਂ ਮਾਣੋ, ਬੁੱਲੇ ਲੁਟੋ, ਜਿਥੇ ਰਹੋ ਅਨੰਦ ਲਵੋ
ਨੇਕੀ, ਪ੍ਰੇਮ, ਧਰਮ ਨਿਤ ਪਾਲੋ, ਇੱਜ਼ਤ ਸਦਾ ਬਲੰਦ ਲਵੋ
ਬਾਗ਼ ਸਕੂਲੋਂ ਪੰਛੀ ਮੁੰਡੇ ਪੜ੍ਹ ਪੜ੍ਹ ਨਿਤ ਉਡ ਜਾਂਦੇ ਨੇ
ਕਈ ਪਰਿੰਦੇ ਏਸ ਪਿੰਜਰੇ ਵਿਚ ਨਵੇਂ ਨਿਤ ਹੀ ਆਂਦੇ ਨੇ
'ਸੁਥਰਾ' ਸਮਝੋ ਉਸ ਦਾ ਜੀਵਨ ਜੇੜ੍ਹਾ ਪੜ੍ਹ ਕੇ ਗੁੜ੍ਹ ਜਾਵੇ
ਵਰਨਾ ਦੌਲਤ ਮਾਪਿਆਂ ਦੀ ਤੇ ਅਪਨੀ ਉਮਰਾਂ ਰੁੜ੍ਹ ਜਾਵੇ
-੮੬-