ਪ੍ਰਸੰਸਾ
ਵਲੋਂ:- ਸ਼੍ਰੀ ਰਾਜਾ ਸਰ ਦਲਜੀਤ ਸਿੰਘ ਸਾਹਿਬ ਕੇ. ਬੀ. ਈ.
ਸੀ. ਐਸ, ਆਈ, ਔਫ਼ ਕਪੂਰਥਲਾ
ਇਸ ਵੇਲੇ ਸਾਰੇ ਪੰਜਾਬ, ਕੀ ਸ਼ਹਿਰਾਂ ਤੇ ਕੀ ਗਰਾਵਾਂ ਵਿਚ ਅਖਬਾਰ 'ਮੌਜੀ’ ਦੀ ਖਾਸ਼ ਮਸ਼ਹੂਰੀ ਤੇ ਪੰਜਾਬੀ ਦੇ ਤਮਾਮ ਪ੍ਰੇਮੀਆਂ ਵਿਚ ਇਹ ਬੜੀ ਉੱਚੀ ਪਦਵੀ ਦਾ ਅਖਬਾਰ ਗਿਣਿਆ ਜਾਂਦਾ ਹੈ। ਇਸ ਸਾਰੀ ਕਾਮਯਾਬੀ ਦਾ ਸਿਹਰਾ ਇਸ ਦੇ ਚੀਫ ਐਡੀਟਰ ਸ: ਐਸ, ਐਸ. ਚਰਨ ਸਿੰਘ ਜੀ ਦੇ ਸਿਰ ਹੈ ਜੋ ਵਿੱਦਿਆ ਸਾਹਿੱਤਯ ਤੇ ਜਰਨਲਿਜ਼ਮ ਦੇ ਕਾਰਜ ਵਿਚ ਪੂਰੇ ਨਿਪੁੰਨ ਸਨ। ਸਰਦਾਰ ਚਰਨ ਸਿੰਘ ਜੀ ਨੇ ਆਪਣਾ ਤਨ, ਮਨ, ਤੇ ਧਨ ਲਗਾ ਕੇ ਪੰਜਾਬੀ ਭਾਸ਼ਾ ਤੇ ਕਾਵ੍ਯ ਦੀ ਉਹ ਸੇਵਾ ਕੀਤੀ ਹੈ ਜੋ ਹਮੇਸ਼ਾਂ ਜਿਉਂਦੀ ਰਹੇਗੀ।
ਸਰਦਾਰ ਸਾਹਿਬ ਦੀ ਕਵਿਤਾ ਤੇ ਰਚਨਾ ਕਈ ਨਾਵਾਂ ਹੇਠ ਛਪਦੀ ਰਹਿੰਦੀ ਹੈ। ਪਰੰਤੁੁੂ ਇਕ ਅਨੋਖੇ ਪ੍ਰਕਾਰ ਦਾ ਕਾਵ੍ਯ ਮਹਾਂ ਕਵੀ 'ਸੁਥਰਾ' ਜੀ ਦੇ ਨਾਮ ਹੇਠਾਂ 'ਮੌਜੀ' ਵਿਚ ਛਪਦਾ ਰਿਹਾ ਹੈ। ਏਹਨਾਂ ਕਵਿਤਾਵਾਂ ਵਿਚ ਅਪ ਨੇ ਹਾਸ੍ਯ, ਨੀਤੀ ਦੇ ਅਦਭੁੱਤ ਰਸਾਂ ਨੂੰ ਅਜੇਹੀ ਯੋਗਤਾ ਨਾਲ ਮਿਲਾਇਆ ਹੈ ਕਿ ਹਰੇਕ ਨਰ ਨਾਰੀ ਤੇ ਬੱਚਿਆਂ ਨੂੰ ਭੀ ਬਹੁਤ ਹੀ ਪਿਆਰੀਆਂ ਲਗਦੀਆਂ ਹਨ। ਇਹ ਕਵਿਤਾਵਾਂ ਗੰਭੀਰ ਉਪਦੇਸ਼, ਬੜੇ ਪਿਆਰ ਦੇ ਅਸਰ ਭਰੇ ਢੰਗ ਨਾਲ ਸਿਖਾਉਂਦੀਆਂ ਹਨ। ਹਾਸ੍ਯਰਸ ਦਾ ਰੰਗ ਏਹਨਾਂ ਨੂੰ ਅਜਿਹੀਆਂ ਬਣਾ ਦੇਂਦਾ ਹੈ ਕਿ ਸਭ ਲੋਕੀ ਇਹਨਾਂ ਨੂੰ ਬੜੇ ਪ੍ਰੇਮ ਨਾਲ ਪੜ੍ਹਦੇ ਤੇ ਯਾਦ ਰਖਦੇ ਹਨ, ਜਿਸ ਕਰ ਕੇ ਇਹ ਕਵਿਤਾਵਾਂ ਅਤੀ ਲਾਭਦਾਇਕ ਸਾਬਤ ਹੋਈਆਂ ਹਨ। ਹੁਣ ਏਹ ਕਵਿਤਾਵਾਂ ਸੰਗ੍ਰਹਿ ਕਰ ਕੇ ਇਸ ਪੁਸਤਕ ਦੀ ਸ਼ਕਲ ਵਿਚ ਛਾਪੀਆਂ ਗਈਆਂ ਹਨ। ਯਕੀਨ ਹੈ ਕਿ ਤਮਾਮ ਲੋਕ ਏਹਨਾਂ ਤੋਂ ਪਰਮ ਲਾਭ ਪ੍ਰਾਪਤ ਕਰਨਗੇ।
ਅੰਤ ਵਿਚ ਮੈਂ ਸ: ਚਰਨ ਸਿੰਘ ਜੀ ਨੂੰ ਇਸ ਅਤੀ ਉੱਤਮ ਤੇ ਲਾਭਕਾਰੀ ਕਾਰਜ ਦੀ ਕਾਮਯਾਬੀ ਲਈ ਬਹੁਤ ਬਹੁਤ ਵਧਾਈ ਦੇਂਦਾ ਹਾਂ।
ਦਿੱਲੀ, ੨੭ ਦਸੰਬਰ ੧੯੩੨ ਦਲਜੀਤ ਸਿੰਘ
-ਉ-