ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੋੜੇ ਹਨ ਜੋ ਜੋਬਨ-ਮਸਤੀ ਵਿਚ ਨਿਜ ਹਸਤੀ ਖੋ ਜਾਂਦੇ ਨੇ
ਬੇ-ਸ਼ੁਮਾਰ ਹਨ ਜੋ ਸਭ ਏਹਨਾਂ ਵਡਪਣਿਆਂ ਤੋਂ ਵਾਂਜੇ ਨੇ
ਗਲ ਜਿਨ੍ਹਾਂ ਦੇ ਕਿਸੇ ਭਟਕਣਾ ਦੇ ਨਾ ਝਗੜੇ ਝਾਂਜੇ ਨੇ
ਜਿਨ੍ਹਾਂ ਨਾਲ ਨਾ ਕਰ ਮੁਕਾਬਲਾ ਕੋ ਰਕੀਬ ਹਨ ਲੜ ਮਰਦੇ
ਨਹੀਂ ਈਰਖਾ ਕੋਈ ਜਿਨ੍ਹਾਂ ਨੂੰ ਦੇਖ ਦੇਖ ਕੇ ਸੜ ਮਰਦੇ
ਹੱਕ ਹਲਾਲ ਦੀ ਖੰਨੀ ਖਾ ਕੇ ਨਿੱਸਲ ਹੋ ਕੇ ਪੈਂਦੇ ਨੇ
ਤ੍ਰਿਸ਼ਨਾ ਤਜ ਕੇ,ਸਬਰ ਨਾਲ ਨਿਤ ਮੌਜ ਬਹਿਸ਼ਤੀ ਲੈਂਦੇ ਨੇ
ਚੂੰਕਿ ਜਗ ਵਿਚ ਥੋੜਿਆਂ ਨਾਲੋਂ ਬਹੁਤਿਆਂ ਦੀ ਹੈ ਜੈ ਹੁੰਦੀ
ਇਸ ਹਿਤ ਆਪਾਂ ਦੀ ਸਮਤੀ ਬਹੁਤਿਆਂ ਵਲ ਨਿਤ ਹੈ ਹੁੰਦੀ
ਵਡੇ ਵਡੇ ਲੋਕਾਂ ਨੂੰ ਜਗ ਤੇ ਚਿੰਤਾ ਭਾਂਤੋ ਭਾਂਤੀ ਹੈ
ਸਭ ਵਡਆਯਾਂ ਤੋਂ 'ਸੁਥਰੇ’ ਨੂੰ ਪਯਾਰੀ ਦਿਲ ਦੀ ਸ਼ਾਂਤੀ ਹੈ

ਅਬਲਾ ਦਾ ਬਲ

ਅਬਲਾ ਜੋ ਆਖਣ ਔਰਤ ਨੂੰ, ਓਹ ਸੋਚ ਜ਼ਰਾ ਨਾ ਕਰਦੇ ਨੇ
ਤੀਵੀਂ ਦੀ ਤਾਕਤ ਅੱਗੇ ਤਾਂ, ਬ੍ਰਹਿਮੰਡ ਖੰਡ ਸਭ ਡਰਦੇ ਨੇ
‘ਕਾਦਰ’ ਦੀ ‘ਕੁਦਰਤ' ਤੀਵੀਂ ਹੈ ਜਿਸ ਦਾ ਸਭ ਵਿਸ਼ਵ ਪਸਾਰਾ ਹੈ
‘ਕੁਦਰਤ' ਦੇ ਅਗੇ ਹਿਮਾਲਾ ਭੀ, ਇਕ ਜ਼ੱਰੇ ਵਾਂਗ ਵਿਚਾਰਾ ਹੈ
ਇਸ ‘ਕਾਇਨਾਤ' ਇਸ ‘ਸ੍ਰਿਸ਼ਟੀ ਤੇ ਇਸ 'ਪ੍ਰਿਥਵੀ' ਦੁਨੀਆ ਸਾਰੀ ਦੇ
ਉਤਪਤੀ, ਮੌਤ ਤੇ ਪਰਲੈ, ਸਭ ਹਨ ਨਾਮ ਵਖੋ ਵਖ ਨਾਰੀ ਦੇ
ਕਰਤੇ ਦੀ 'ਸ਼ਕਤੀ' ਦਾ ਕਾਰਨ ਕੇਵਲ ਕੁਲ-ਹੁਕਮੀ ‘ਮਾਯਾ’ ਹੈ
ਮਾਨੋ ਉਸ ‘ਮਾਯਾ’ ਔਰਤ ਦਾ ਫ਼ਰਮਾਨ ਜਗ ਤੇ ਛਾਯਾ ਹੈ
ਰੂਹ, ਦੇਹ, ਜਾਨ ਤੇ ਖੁਸ਼ੀ, ਗਮੀ, ਦੌਲਤ ਤੇ ਸ਼ਾਹੀ ਤੀਵੀਂ ਹੈ
ਤੀਵੀਂ ਅਤਿ ਉੱਚੀ ‘ਮੁਕਤੀ' ਹੈ ਤੀਵੀਂ ‘ਚੌਰਾਸੀ' ਨੀਵੀਂ ਹੈ
ਤਲਵਾਰ ਕਲਮ ਦੋ ਚੀਜ਼ਾਂ ਹਨ ਹੇਠ ਹਕੂਮਤ ਰਾਜ ਸਭੀ
ਅਰਥਾਤ ਨਾਰ ਦੇ ਕਦਮਾਂ ਵਿਚ ਰੁਲਦੇ ਸੰਸਾਰਕ ਤਾਜ ਸਭੀ
ਤਕਦੀਰ, ਤਪੱਸਯਾ, ਹਮਦਰਦੀ, ਯਾ ਨਿੱਤ 'ਨਮਾਜ਼’ ਪੜ੍ਹਾਂਦੇ ਨੇ
ਸੰਧਯਾ, ਗਾਇਤਰੀ ਤੇ ਬਾਣੀ ਗੁਣ, 'ਇਸਤ੍ਰੀ ਲਿੰਗ' ਕਹਾਂਦੇ ਨੇ

- ੯੪ -