ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਲ

ਇਕ ਲੇਲੀ ਨੇ ਅਪਨੇ ਮਜਨੂੰ ਤਈਂ, ਕ੍ਰੋਧ ਵਿਚ ਆ ਕੇ
ਕਿਹਾ, ਝਿੜਕ ਕੇ ਤੇ ਦਬਕਾ ਕੇ, ਸੌ ਵੱਟ ਮਥੇ ਪਾ ਕੇ:-
'ਕਾਸ਼, ਮੇਰੀਆਂ ਅੱਖੀਆਂ ਦੇ ਵਿਚ ਤਾਕਤ ਹੁੰਦੀ ਐਸੀ
'ਸ਼ਿਵਜੀ ਦੀ ਤੀਜੀ ਅੱਖ ਅੰਦਰ ਸ਼ਕਤੀ ਕਹਿੰਦੇ ਜੈਸੀ
'ਯਾਨੀ ਜਿਸ ਵਲ ਮੈਂ ਤਕ ਲੈਂਦੀ,ਕਤਲ ਹੋਏ ਝਟ ਗਿਰਦਾ
'ਜਿਵੇਂ ਤੇਜ਼ ਤਲਵਾਰ ਵੱਜਿਆਂ, ਪਤਾ ਨ ਲੱਗੇ ਸਿਰ ਦਾ
'ਫਿਰ ਮੈਂ ਫ਼ੌਰਨ ਸਭ ਤੋਂ ਪਹਿਲਾਂ ਨਜ਼ਰ ਤਿਰੀ ਵੱਲ ਕਰਦੀ
'ਛਿਨ ਵਿਚ ਖੜੇ ਖੜੋਤੇ ਤੇਰੇ ਦੋ ਟੋਟੇ ਕਰ ਧਰਦੀ।'
ਉਸ ਮਜਨੂੰ ਨੇ ਕਿਹਾ ਕੰਬਕੇ 'ਹਾਇ ! ਨ ਏਹ ਕੁਝ ਮੰਗੋ,
'ਉਂਜ ਭਾਵੇਂ ਜਦ ਚਾਹੋ ਮੇਰੇ ਲਹੂ ਨਾਲ ਹਥ ਰੰਗੋ
'ਫ਼ਿਕਰ ਜਾਨ ਅਪਨੀ ਦਾ ਮੈਨੂੰ ਜ਼ਰਾ ਨਹੀਂ ਘਬਰਾਂਦਾ
‘ਕੇਵਲ ਖ਼ੌਫ ਤੁਹਾਡੇ ਦੁਖ ਦਾ ਦਿਲ ਮੇਰਾ ਕਲਪਾਂਦਾ
'ਮੇਰੇ ਤਨ ਦੇ ਟੁਕੜੇ ਬੇਸ਼ਕ ਹੋਵਣ ਰੱਤੀ ਰੱਤੀ
'ਪਰ ਇਕ ਵਾਲ ਤੁਹਾਡੇ ਨੂੰ ਭੀ ਪੌਣ ਨ ਲੱਗੇ ਤੱਤੀ
'ਨੈਣ ਤੁਹਾਡੇ ਹੋਣ ਜਿ ਐਸੇ, ਕਰਨ ਤਕਦਿਆਂ ਟੋਟੇ
'ਤਦ ਮੈਂ ਸ਼ੀਸ਼ੇ ਸਾਰੇ ਜਗ ਦੇ, ਭੰਨਾਂ ਪੋਟੇ ਪੋਟੇ
'ਤਾਕਿ ਹਾਰ-ਸ਼ਿੰਗਾਰ ਸਮੇਂ ਨ ਸ਼ੀਸ਼ੇ ਅੱਗੇ ਜਾਓ
‘ਭੁਲ ਭੁਲੇਖੇ ਨਜ਼ਰ ਆਪਣੀ ਆਪਣੇ ਤੇ ਨਾ ਪਾਓ ।
'ਮਤਾਂ ਨਜ਼ਰ ਦੀ ਕਾਤਲਿ ਸ਼ਕਤੀ, ਅਸਰ ਤੁਸਾਂ ਤੇ ਪਾਵੇ
'ਜਗ ਸਾਰੇ ਤੇ ਛਾਏ ਹਨੇਰਾ, ਜਾਹ ਜਾਂਦੀ ਹੋ ਜਾਵੇ
'ਤੁਸੀਂ ਖੁਸ਼ ਰਹੋ, ਜੁਗ ਜੁਗ ਜੀਵੋ, ਸਾਰਾ ਸਦਕੇ ਜਾਵਾਂ
ਮੇਰਾ ਕੀ ਹੈ? ਤੁਛ ਜਹੇ ਦਾ? ਹੁਕਮ ਦਿਓ, ਮਰ ਜਾਵਾਂ ?'
ਲੇਲਾ ਦਾ ਰੋਹ ‘ਕਤਲ' ਹੋਗਿਆ, ਸੁਲਹ ਹੋਈ, ਸੁਖ ਵਸਿਆ
ਸਬਕ-ਸ਼ਾਂਤ ਮਿੱਠਤ ਦਾ ਜਗ ਨੂੰ 'ਸੁਥਰੇ' ਪ੍ਰੇਮੀ ਦਸਿਆ

-੧੦੩-