ਪੰਨਾ:ਬਾਦਸ਼ਾਹੀਆਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਯਾਰੜੇ ਦਾ ਸੱਥਰ

ਕਾਇਨਾਤ ਦੇ ਮਾਲਕ, ਕਲਗੀਧਰ ਜੀ, ਬਨ ਵਿਚ ਕੱਲੇ
ਭੁੰਜੇ ਸੁਤੇ ਦੇਖ, ਪੰਛੀਆਂ ਤਜਿਆ ਚੁਗਣਾ-ਚਹਿਣਾ।
ਪਵਣ ਨਿਢਾਲ,ਭਾਨ ਮੁਖ ਲਾਲ,ਅਕਾਸ਼,ਪਤਾਲ ਉਦਾਸੇ,
ਬੂਟੇ ਫੁਲ ਕੁਮਲਾਏ, ਰੁਕਿਆ ਪੱਤ ਪੱਤ ਦਾ ਖਹਿਣਾ ।
ਹਿਰਨ ਚੌਕੜੀ ਭੁਲੇ, ਸ਼ੇਰਾਂ ਗਰਜਨ-ਧਾੜਨ ਤਜਿਆ,
ਜਲਨ ਲਗਾ ਨਿਜ ਚਿੰਤਾ ਅਗਨੀ ਸੰਧਯਾ ਸਮੇਂ ਟਟਹਿਣਾ।
ਪ੍ਰਿਥਵੀ ਨੈਣ ਝਿੰਮਣੀ-ਘਾਹ-ਦੀ-ਨੋਕੀਂ ਦਿੱਸਣ ਆਂਸੂ,
ਰੁੰਨਾ ਜ਼ੱਰਾ ਜ਼ੱਰਾ, ਗੁਰ ਦਾ ਦੇਖ ਕਸ਼ਟ ਅਤਿ ਸਹਿਣਾ।
ਕਿੱਥੇ ਹਾਇ! ਅਨੰਦਪੁਰ ਅਪਨਾ, ਕਿੱਥੇ ਫੌਜ, ਖਜ਼ਾਨੇ ?
ਮਹਿਲ, ਮਾੜੀਆਂ, ਕਿਲੇ, ਹਕੂਮਤ,ਹੀਰੇ,ਮੋਤੀ ਗਹਿਣਾ।
ਲੱਖਾਂ ਸਿੰਘ, ਚਾਰ ਸਤ, ਪਯਾਰੇ, ਹਾਥੀ, ਘੋੜੇ, ਤੋਪਾਂ,
ਪਲੰਘ ਸੁਨਹਿਰੀ ਸੌਣਾ, ਹੀਰੇ ਜੜਤ ਤਖਤ ਤੇ ਬਹਿਣਾ।
ਲਾਡ ਲਾਡਲੇ ਲਾਲਾਂ ਕਰਨੇ, ਚਰਨ ਝਸਣੇ ਮਹਿਲਾਂ,
ਨਾਲ ਇਸ਼ਾਰੇ, ਰਾਜ ਬਖਸ਼ਣੇ, ਸੋ ਹੋਣਾ ਜੋ ਕਹਿਣਾ।
ਲੰਗਰ ਦੇ ਵਿਚ ਖੀਰ-ਪਰੌਂਠੇ, ਮਹਾਂ ਪ੍ਰਸ਼ਾਦੀ ਦੇਗਾਂ,
ਚਾਰ ਵਰਣ ਦੇ ਲੱਖਾਂ ਲੋਕਾਂ, ਰੋਜ਼ ਛਕਣ ਨੂੰ ਡਹਿਣਾ।
ਫਿਰ ਇਕਦਮ ਉਸ ਝਾਕੇ ਦੀ ਥਾਂ, ਜੰਗ ਨਗਾਰਾ ਵਜਣਾ,
ਸ਼ਾਹੀ ਤੇ ਸਰਬੰਸ ਉਜੜਨਾ, ਖੂਨ ਸਿੱਖਾਂ ਦਾ ਵਹਿਣਾ ।
ਦੇਵ ਦੈਂਤ ਸਭ ਭੁੱਬਾਂ ਮਾਰਨ, ਤੂੰ ਹਸ ਹਸ ਕੇ ਡਿਠਾ,
ਉੱਚੀ-ਵੰਸ-ਇਮਾਰਤ-ਨਿਜ ਦਾ, ਅੱਖਾਂ ਅੱਗੇ ਢਹਿਣਾ।
ਖੁਦ ਇਕ ਸਿਰੀ ਸਾਹਿਬ ਲੈ, ਕੱਲੇ, ਭੁਖੇ ਭੁੰਜੇ ਸੌਣਾ,
ਇਹ ਕੀ ਤੇਰੇ ਚੋਜ ਚੋਜੀਆ? ਦਿਤੋਂ ਈ ਕਦ ਦਾ ਲਹਿਣਾ।
ਮਿਠੇ ਕੋਮਲ ਬੁੱਲ੍ਹਾਂ ਵਿਚੋਂ, ਵਾਜ ਮਧੁਰ ਇਹ ਨਿਕਲੀ:-
'ਯਾਰੜੇ ਦਾ ਸਾਨੂੰ ਸੱਥਰ ਚੰਗਾ,ਭੱਠ ਖੇੜਿਆਂ ਦਾ ਰਹਿਣਾ।'

-੧੦੪-