ਪੰਨਾ:ਬਾਦਸ਼ਾਹੀਆਂ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪੇ ਆਊ

ਕਹਿੰਦੇ ਹਨ ਕਿ ਚਾਨਣ, ਛਿਨ ਵਿਚ ਲਖ ਮੀਲਾਂ ਹੋ ਜਾਂਦਾ
ਸੂਰਜ ਅਠ ਮਿੰਟਾਂ ਵਿਚ ਜਗ ਤੇ ਅਪਨੀ ਕਿਰਨ ਪੁਚਾਂਦਾ
ਆਸਮਾਨ ਵਿਚ ਉਸ ਨਾਲੋਂ ਭੀ ਦੂਰ ਕਈ ਹਨ ਤਾਰੇ,
ਕਿਰਨ ਜਿਨ੍ਹਾਂ ਦੀ ਸਾਲਾਂ-ਸਦੀਆਂ ਵਿਚ ਪਹੁੰਚੇ ਸੰਸਾਰੇ
ਸੱਚ ਖੰਡ ਹੈ ਓਹਨਾਂ ਤੋਂ ਭੀ, ਸੌ ਗੁਣ ਕਹਿਣ ਦੁਰਾਡਾ
ਜਿਸਦਾ ਲੇਖਾ ਕਰ ਨਾ ਸਕੇ ਖਯਾਲ-ਹਿਸਾਬ ਅਸਾਡਾ
ਐਡੀ ਦੂਰੋਂ ਸਤਿਗੁਰ ਨਾਨਕ ਅਾਪੇ ਚਲ ਕੇ ਆਯਾ
ਆਪੇ ਖਾਧਾ ਤਰਸ ਜਗਤ ਤੇ ਆਪੇ ਕਸ਼ਟ ਹਟਾਯਾ
ਆਪੇ ਹੀ ਫਿਰ ਘਰੋਂ ਨਿਕਲ ਕੇ ਚਕ੍ਰ ਚੁਤਰਫ਼ੀਂ ਲਾਏ
ਪਿੰਡ ਪਿੰਡ ਤੇ ਘਰ ਘਰ ਜਾ ਕੇ ਆਪੇ ਲੋਕ ਤਰਾਏ
ਆਪੇ ਗਿਆ ਪਹਾੜਾਂ ਉਤੇ, ਆਪੇ ਟਪਿਆ ਨਦੀਆਂ
ਜੰਗਲ ਬੇਲੇ, ਰੇਤਥਲੇ ਵਿਚ ਪਟਦਾ ਫਿਰਿਆ ਬਦੀਆਂ
ਆਪੇ ਬੰਗਲਾ, ਤਿੱਬਤ, ਯੂ.ਪੀ. ਸੰਗਲਦੀ ਜਾ ਫਿਰਿਆ
ਕਈ ਵੇਰ ਕੈਦਾਂ ਵਿਚ ਫਸਿਆ, ਚੋਰਾਂ ਦੇ ਹਥ ਘਿਰਿਆ
ਲਭਦਾ ਫਿਰਿਆ ਦੁਸ਼ਟਾਂ ਤਾਈਂ ਮੁਕਤਿ ਕਰਾਵਣ ਖਾਤਰ
ਚੁਣਦਾ ਰਿਹਾ ਪਾਪੀਆਂ ਤਾਈਂ ਨੇਕ ਬਨਾਵਣ ਖਾਤਰ
ਰਾਜਪੂਤਾਨੇ ਤੁਰਕਿਸਤਾਨੇ ਤੇ ਅਫ਼ਗਾਨਿਸਤਾਨੇ
ਕਛ-ਕਸ਼ਮੀਰ, ਬਲੋਚਿਸਤਾਨੇ, ਅਰਬ, ਇਰਾਕ, ਇਰਾਨੇ
ਭੁਖੇ ਰਹਿ ਰਹਿ,ਨਿੰਦਾ ਸਹਿ ਸਹਿ, ਭੁੰਜੇ ਬਹਿ ਬਹਿ,ਆਪੇ
ਪੈਰੀਂ ਤੁਰ ਤੁਰ ਜ਼ਰਾ ਨਾ ਥਕਿਆ, ਮੇਟੇ ਜਗ ਦੇ ਸਯਾਪੇ
ਇਸ ਤੋਂ ਮੈਨੂੰ ਨਿਸਚਾ ਹੋਯਾ, ਫਿਕਰ ਹਟਾਵਣ ਵਾਲਾ
ਤਰਨ ਵਾਲਿਆਂ ਨਾਲੋਂ ਕਾਹਲਾ, ਹੈ ਖ਼ੁਦ ਤਾਰਨ ਵਾਲਾ
ਸਾਨੂੰ ਚਿੰਤਾ ਹੋਇ ਨ ਹੋਵੇ, ਆਪ ਫਿਕਰ ਹੈ ਕਰਦਾ
ਆਪੇ ਆ ਕੇ ਟਿਕਟਿ ਮੁਕਤਿ ਦਾ ਹੈ ਝੋਲੀ ਵਿਚ ਧਰਦਾ

-੧੦੫-