ਪੰਨਾ:ਬਾਦਸ਼ਾਹੀਆਂ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀਆਂ ਕਵਿਤਾਵਾਂ ਹਨ। ਸਮਾਜਕ ਤੇ ਕੌਮੀ ਸੁਧਾਰ ਦੇ ਤਰਾਨੇ ਹਨ। ਇਨ੍ਹਾਂ ਨੂੰ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਰਦਾਰ ਚਰਨ ਸਿੰਘ ਜੀ ਹੋਰਾਂ ਨੇ ਪੰਜਾਬੀ ਵਿਚ ਇਕ ਨਵਾਂ ਰਸ ਪੈਦਾ ਕਰ ਦਿਤਾ ਹੈ। ਉਹ ਹੈ ਉੱਚਾ ਹਾਸ-ਰਸ। ਆਮ ਤੌਰ ਤੇ ਹਾਸ-ਰਸ ਨੂੰ ਲੋਕਾਂ ਨੇ ਇਕ ਹੋਛੀ ਜਹੀ ਚੀਜ਼ ਸਮਝ ਰੱਖਿਆ ਹੈ, ਪਰ ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਹਰ ਇਕ ਦੇ ਦਿਲ ਉੱਤੇ ਇਕ ਡੂੰਘਾ ਅਸਰ ਹੁੰਦਾ ਹੈ, ਜਿਸ ਨਾਲ ਸੱਚੀਂ ਮੁੱਚੀਂ ਭਗਤ ਸੁਥਰੇ ਦਾ ਸੁਭਾਉ ਯਾਦ ਆ ਜਾਂਦਾ ਹੈ।

ਇਨ੍ਹਾਂ ਕਵਿਤਾਵਾਂ ਨੂੰ ਹਰ ਇਕ ਪੰਜਾਬੀ ਸਮਝ ਸਕਦਾ ਹੈ, ਕਿਉਂਕਿ ਬੋਲੀ ਸੁਥਰੇ ਵਾਂਗ ਸਿੱਧੀ ਸਾਦੀ ਠੁੱਲ੍ਹੀ ਹੈ, ਅਤੇ ਖਿਆਲ ਉੱਚੇ ਤੋਂ ਉੱਚੇ ਹਨ ਪਰ ਗੁੰਝਲਦਾਰ ਨਹੀਂ। ਇਹ ਸਰਲਤਾ, ਕਵੀ ਦੀ ਮਹਾਨਤਾ ਦਾ ਸਬੂਤ ਹੈ। ਮੇਰੇ ਖਿਆਲ ਵਿਚ ਔਖੀ ਬੋਲੀ ਕੱਚ-ਪੁਣੇ ਦੀ ਨਿਸ਼ਾਨੀ ਹੈ, ਅਤੇ ਸਰਲ ਬੋਲੀ ਤਜਰਬੇ ਅਤੇ ਲਿਆਕਤ ਦਾ ਸਬੂਤ ਹੈ।

ਇਸ ਕਵਿਤਾ ਦੀ ਬੋਲੀ ਅੱਜ ਕੱਲ ਦੇ ਆਮ ਮੁਹਾਵਰੇ ਵਾਲੀ ਹੈ, ਜੋ ਗਲੀਆਂ, ਬਾਜ਼ਾਰਾਂ, ਘਰਾਂ, ਦਫ਼ਤਰਾਂ, ਮਹਿਲਾਂ, ਕੁੱਲੀਆਂ ਵਿਚ ਜਿਊਂਦੇ ਜਾਗਦੇ ਲੋਕ ਬੋਲਦੇ ਹਨ, ਨਿਰੀ ਕਿਤਾਬੀ ਆਦਮੀਆਂ ਵਾਲੀ ਜਾਂ ਫਿਲਾਸਫਰਾਂ ਵਾਲੀ ਨਹੀਂ। ਕਵਿਤਾ ਦੇ ਵਜ਼ਨ ਭੀ ਪੰਜਾਬੀ ਉਰਦੂ ਤੇ ਹੋਰ ਮਨਭਾਉਣੇ ਢੰਗਾਂ ਦੇ ਹਨ । ਖ਼ਿਆਲ ਭੀ ਕਿਸੇ ਇਕ ਕੌਮ ਜਾਂ ਧਰਮ ਦੇ ਪੱਖ ਵਾਲੇ ਨਹੀਂ। ਹਿੰਦੂ, ਮੁਸਲਮਾਨ ਤੇ ਸਿਖ ਇਤਿਹਾਸ ਵਿਚੋਂ ਚੰਗੇ ਤੋਂ ਚੰਗ ਸਿਖਿਆਦਾਇਕ ਖ਼ਿਆਲ ਲਏ ਹੋਏ ਹਨ ਅਤੇ ਉਨ੍ਹਾਂ ਨੂੰ ਹਰ ਇਕ ਕੌਮ ਦਾ ਆਦਰ ਮਾਣ ਰਖਦਿਆਂ ਹੋਇਆਂ ਨਿਭਾਇਆ ਹੈ।

ਚੂੰਕਿ ਇਹ ਕਵਿਤਾ ਆਪਣੇ ਨਮੂਨੇ ਦੀ ਪਹਿਲੀ ਹੈ, ਇਸ ਲਈ ਆਸ ਹੈ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਕੌਮ ਦੇ ਪਿਆਰੇ ਇਸ ਦੀ ਵਧ ਕਦਰ ਕਰਨਗੇ । ਕਾਗਜ਼ ਤੇ ਛਪਾਈ ਭੀ ਬਹੁਤ ਸੋਹਣੀ ਹੈ।

ਖ਼ਾਲਸਾ ਕਾਲਜ ਅੰਮ੍ਰਿਤਸਰ ]

੨੮ ਦਸੰਬਰ ੧੯੩੨ ]

ਤੇਜਾ ਸਿੰਘ ਐਮ. ਏ. ਪ੍ਰੋਫ਼ੈਸਰ