ਪੰਨਾ:ਬਾਦਸ਼ਾਹੀਆਂ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਕੋਈ ਡਾਢਾ ਜ਼ਰੂਰੀ ਸਬਕ ਹੋਵੇਗਾ, ਜੋ ਇਨਸਾਨ ਨੂੰ ਉਸ ਦੀ ਜੀਵਨ ਯਾਤ੍ਰਾ ਵਿਚ ਮਿਸਾਲ ਦਾ ਕੰਮ ਦੇਂਦਾ ਹੈ। ਜੇ ਮੈਂ ਇਸ ਸਾਰੇ ਸੰਚੇ ਵਿਚੋਂ ਸਭ ਸਿਖਿਆਵਾਂ ਚੁਣ ਚੁਣ ਕੇ ਦਿਖਾਵਾਂ ਤਾਂ ਸ਼ਾਇਦ ਪੁਸਤਕ ਦਾ ਆਕਾਰ ਚੌਗੁਣਾ ਹੋ ਜਾਵੇ। ਮੇਰੀ ਜਾਚ ਵਿਚ ਤਾਂ ਕੋਈ ਭੀ ਐਸੀ ਕਵਿਤਾ ਨਹੀਂ, ਜਿਸ ਦਾ ਕੋਈ ਹਿੱਸਾ ਭੀ ਛੱਡਣ ਵਾਲਾ ਹੋਵੇ, ਇਸ ਲਈ ਪਾਠਕਾਂ ਨੂੰ, ਚਾਹੀਦਾ ਹੈ ਕਿ ਓਹ ਇਕ ਇਕ ਕਵਿਤਾ ਨੂੰ ਪੂਰੇ ਧਿਆਨ ਨਾਲ ਵਾਚਣ ਤੇ ਫਿਰ ਦੇਖਣ ਕਿ ਇਸ ਵਿਚ ਕੈਸੇ ਕੈਸੇ ਅਣਮੋਲ ਰਤਨ ਭਰੇ ਪਏ ਹਨ। ਇਹ ਕਿਤਾਬ ਨੀਤੀ ਦਾ ਭੰਡਾਰ, ਨਸੀਹਤਾਂ ਦਾ ਖ਼ਜ਼ਾਨਾ ਤੇ ਭੁਲੜਾਂ ਦਾ ਆਗੂ ਹੈ। ਪੁਰਾਣੇ ਜ਼ਮਾਨੇ ਦੇ ਗੁਣੀ ਲੋਕ ਇਕ ਇਕ ਗਲ ਸੌ ਸੌ ਰੁਪਿਆ ਲੈ ਕੇ ਸੁਣਾਇਆ ਕਰਦੇ ਸਨ, ਪਰ ਮਹਾਂ ਕਵੀ 'ਸੁਥਰਾ’ ਜੀ ਦੀ ਕੋਈ ੨ ਗੱਲ ਲੱਖ ਲੱਖ ਰੁਪਏ ਤੋਂ ਸਵੱਲੀ ਹੈ। ਇਹ ਕਾਵ੍ਯ ਆਪਣੇ ਸਟਾਈਲ ਦੀ ਆਪ ਹੈ। ਅਨਵਾਰ ਸਹੇਲੀ, ਹਿਤੋਪਦੇਸ਼ ਤੇ ਲੁਕਮਾਨ ਦੀਆਂ ਹਕਾਇਤਾਂ ਆਦਿਕ ਗ੍ਰੰਥਾਂ ਵਿਚ ਚਿੜੀਆਂ ਤੋਤਿਆਂ ਦੇ ਨਾਂ ਤੇ ਵਾਰਤਾਂ ਲਿਖੀਆਂ ਹਨ, ਪਰ 'ਮਹਾਂ ਕਵੀ ਸੁਥਰਾ’ ਜੀ ਨੇ ਇਨਸਾਨ ਦੇ ਅਮਲੀ ਜੀਵਨ ਵਿਚੋਂ ਸਬਕ ਪੜ੍ਹਾਏ ਹਨ ਤੇ ਓਹ ਸਬਕ ਭੀ ਹਨ ਨਿਹਾਇਤ ਸਰਲ ਮਿੱਠੀ ਤੇ ਮਨੋਰੰਜਕ ਕਵਿਤਾ ਵਿਚ।

ਇਨ੍ਹਾਂ ਕਵਿਤਾਵਾਂ ਵਿਚ ਹਮੇਸ਼ਾਂ ਜਿਊਂਦੇ ਰਹਿਣ ਦੀ ਸੱਤਾ ਹੈ। ਇਹ ਸੁਭਾਵਕ ਹਾਸ੍ਯਰਸ ਨਾਲ ਭਰਪੂਰ ਹਨ ਤੇ ਹਾਸ੍ਯਰਸ ਭੀ ਉਹ ਜੋ ਬੁਲ੍ਹਾਂ ਅੰਦਰ ਵਸਦਾ ਹੈ, ਪਰ ਅੱਖੀਆਂ ਵਿਚੋਂ ਝਲਕਾਰੇ ਮਾਰਦਾ ਹੈ । ਜਿਸ ਤਰ੍ਹਾਂ ਚੰਦਨ ਦੀ ਲਕੜੀ ਨੂੰ ਜਿਉਂ ਜਿਉਂ ਚੀਰੋ ਤਿਉਂ ਤਿਉਂ ਸੁਗੰਧੀ ਵਧਦੀ ਜਾਂਦੀ ਹੈ। ਇਸੇ ਤਰ੍ਹਾਂ ਮਹਾਂ ਕਵੀ ਜੀ ਦੀ ਰਚਨਾ ਨੂੰ ਜਿੰਨਾ ਘੋਖੋ ਉੱਨਾ ਹੀ ਆਨੰਦ ਵਧਦਾ ਜਾਂਦਾ ਹੈ। ਮਹਾਂ ਕਵੀ 'ਸੁਥਰਾ' ਜੀ ਦਾ ਰੰਗ ਨਿਰੋਲ ਆਪਣਾ ਤੇ ਇਕਦਮ ਨਵਾਂ ਹੈ, ਜਿਸ ਦੀ ਮਿਸਾਲ ਅਜੇ ਤਕ ਕਿਸੇ ਪੰਜਾਬੀ ਪਦ ਗ੍ਰੰਥ ਵਿਚ ਨਹੀਂ ਮਿਲਦੀ। ਮੈਨੂੰ ਇਹ ਭੀ ਆਸ ਨਹੀਂ ਕਿ ਇਸ ਨਮੂਨੇ ਦੀ ਸਿਖਿਆ ਤੇ ਹਾਸ ਬਿਲਾਸ ਭਰੀ ਚਟਪਟੀ ਰਚਨਾ ਪੰਜਾਬੀ ਸਾਹਿਤ ਵਿਚ ਝਟ ਪਟ ਪੈਦਾ ਹੋ ਜਾਵੇਗੀ। ਇਹ ਸੁਭਾਵਕ ਜ਼ਿੰਦਾ ਦਿਲੀ ਹਰੇਕ ਸ਼ਾਇਰ ਦੇ ਅੰਦਰ ਨਹੀਂ ਹੁੰਦੀ।