ਪੰਨਾ:ਬਾਦਸ਼ਾਹੀਆਂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਇਕ ਗੱਲ ਦੱਸਣ ਦਾ ਇਕਰਾਰ ਹਾਲੀ ਤਕ ਪੂਰਾ ਨਹੀਂ ਕੀਤਾ ਕਿ ਇਸ ਮਹਾਂ ਕਵੀ ਜੀ ਦੀ ਆਰਬਲਾ ਪੰਜਾਂ ਵਰਿਹਾਂ ਤੋਂ ਇਕ ਦਮ ਚਾਲੀ ਬਰਸ ਦੀ ਕਿਸ ਤਰ੍ਹਾਂ ਹੋ ਗਈ ? ਸੋ ਸੱਚੀ ਗੱਲ ਇਹ ਹੈ ਕਿ ਮਹਾਂ ਕਵੀ ਸੁਥਰਾ ਜੀ ਅਸਲ ਵਿਚ ਕੋਈ ਨਵੀਂ ਚੀਜ਼ ਨਹੀਂ, ਸਗੋਂ ਉਹ ਸਾਡੇ ਪੁਰਾਣੇ ਬੇਲੀ, ਸਾਹਿੱਤ ਸਿਰਮੌਰ, ਜਮਾਂਦਰੂ ਕਵੀ, ਅਣਥਕ ਲਿਖਾਰੀ ਤੇ ਹਰ ਵੇਲੇ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਸ੍ਰੀ ਮਾਨ ਐਸ. ਐਸ. ਚਰਨ ਸਿੰਘ ਸਾਹਿਬ ‘ਸ਼ਹੀਦ’ ਮਾਲਕ ‘ਮੌਜੀ’ ਤੇ ‘ਹੰਸ’ ਗਵਰਨਰ ਪੰਜਾਬੀ ਟਕਸਾਲ ਤੇ ਪ੍ਰਧਾਨ ਸੰਟ੍ਰਲ ਪੰਜਾਬੀ ਸਭਾ ਪੰਜਾਬ ਹਨ, ਜੋ ਦੁਨੀਆਂ ਨੂੰ ਕੁਝ ਚਿਰ ਲਈ ਹੈਰਾਨ ਕਰਨ ਵਾਸਤੇ ਮਹਾਂ ਕਵੀ 'ਸੁਥਰਾ' ਜੀ ਦੇ ਉਪਨਾਮ ਨਾਲ “ਮੌਜੀ' ਅਖਬਾਰ ਵਿਚ ਆਪਣੀਆਂ ਸਿੱਖ੍ਯਾਪੂਰਤ ਕਵਿਤਾਵਾਂ ਨੂੰ ਪ੍ਰਕਾਸ਼ਤ ਕਰਦੇ ਰਹੇ ਹਨ। ਮੈਂ ਇਕ ਹੋਰ ਗੱਲ ਭੀ ਹੁਣੇ ਹੀ ਦੱਸ ਦੇਵਾਂ ਕਿ ਸ੍ਰਦਾਰ ਸਾਹਿਬ ਦੀਆਂ ਉਨ੍ਹਾਂ ਦੇ ਆਪਣੇ ਅਸਲੀ ਨਾਮ ਹੇਠ ਛਪੀਆਂ ਕਰੁਣਾ-ਰਸ ਤੇ ਬੀਰ-ਰਸ ਪੂਰਤ ਅਨੇਕਾਂ ਸ਼ਾਹਾਨਾ ਕਵਿਤਾਵਾਂ ਤੋਂ ਸਿਵਾਇ 'ਮੌਜੀ' ਦੇ ਕਾਲਮਾਂ ਵਿਚ ਜੋ 'ਬਾਬਾ ਵਰਿਆਮਾ' ਨਾਮ ਦੀ ਇਕ ਜਹਾਂਦੀਦਾ ਹਸਤੀ ਆਪਣੀਆਂ ਲਗਾਤਾਰ ਨਸੀਹਤਾਂ ਨਾਲ ਸਾਰੇ ਪੰਜਾਬ ਨੂੰ ਨਿਹਾਲ ਕਰਦੀ ਰਹਿੰਦੀ ਹੈ ਉਸ ਦੇ ਜਨਮ ਦਾਤਾ ਭੀ ਸਾਡੇ ਇਹੋ ਸ੍ਰਦਾਰ ਸਾਹਿਬ ਹਨ ।

ਸਰਦਾਰ ਐਸ. ਐਸ. ਚਰਨ ਸਿੰਘ ਜੀ ਬਾਬਤ ਜਾਣ ਪਛਾਣ ਕਰਾਉਣੀ ਕੋਈ ਮਾਮੂਲੀ ਕੰਮ ਨਹੀਂ। ਇਸ ਲਈ ਮੈਂ ਕੇਵਲ ਉਹੋ ਗੱਲਾਂ ਦੱਸਾਂਗਾ ਜਿਨਾਂ ਦਾ ਸੰਬੰਧ ਆਪ ਦੇ ਸਾਹਿੱਤਕ ਜੀਵਨ ਨਾਲ ਹੈ । ਹੋਰ ਗੱਲਾਂ ਦਾ ਇਸ ਜਾਣ ਪਛਾਣ ਨਾਲ ਕੋਈ ਸਬੰਧ ਵੀ ਨਹੀਂ । ਆਪ ਦਾ ਜਨਮ ਅਕਤੂਬਰ ਸੰਨ ੧੯੮੧ ਈ: ਵਿਚ ਇਕ ਉਚ ਇੱਜ਼ਤਦਾਰ ਘਰਾਣੇ ਵਿਚ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ 'ਸਿੱਖ-ਰਾਜ’ ਸਮੇਂ ਕਈ ਪਿੰਡਾਂ ਦੀ ਹਜ਼ਾਰਾਂ ਰੁਪਏ ਸਾਲਾਨਾ ਜਾਗੀਰ ਦੇ ਮਾਲਕ ਸਨ । ੧੫ ਵਰ੍ਹੇ ਦੀ ਉਮਰ (ਸੰਨ ੧੯੯੬) ਤੋਂ ਹੀ ਆਪ ਦਾ ਸਾਹਿੱਤਕ ਜੀਵਨ ਸ਼ੁਰੂ ਹੋ ਗਿਆ | ਪਹਿਲੇ ਪਹਿਲ ‘ਖਾਲਸਾ ਸਮਾਚਾਰ' ਦੇ ਦਫ਼ਤਰ ਵਿਚ ਕੰਮ ਸ਼ੁਰੂ ਕੀਤਾ । ਦਿਨ ਭਰ ਕੰਮ ਕਰਨਾ ਤੇ ਰਾਤ ਨੂੰ ਮੁਤਾਲਿਆ ਤੇ ਨਾਵਲਾਂ ਆਦਿਕਾਂ ਦੇ ਤਰਜਮੇ ਕਰਨੇ । ਸ਼ੁਰੂ ਤੋਂ ਹੀ ਆਪ ਦੀ ਤੇਲੀਆ ਬੁੱਧੀ ਐਨੀ