ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਪੰਜ ਦਸ ਸੱਜਣ ਚਲੇ ਚਲੋ ਤੇ ਖ਼ਰਚ ਕਰਾਓ ਥੋੜਾ!'
ਗਧਿਆਂ ਦੇ ਛਿੜ ਪੈ ਮੁਕਾਬਲੇ, ਮੰਗਣ ਲਗ ਪਏ ਢਾਈ!
ਕਈਆਂ ਦੋ ਤੇ ਡੇਢ ਮੰਗ ਕੇ, ਕੀਮਤ ਆਪ ਘਟਾਈ!
ਆਖ਼ਰ ਘਟਦੇ, ਡਿਗਦੇ, ਢੈਂਦੇ, ਗਿਰੇ ਇਥੋਂ ਤਕ ਥਲੇ!
ਤਿੰਨ ਤਿੰਨ ਦਿਨ ਦੀ ਇੱਕ ਪੰਡ ਹਿਤ ਅੱਡਣ ਲਗ ਪੈ ਪੱਲੇ!
ਸੁਲੇਮਾਨ ਨੇ ਕਿਹਾ ਹੱਸਕੇ 'ਓ ਉਲੂਆਂ ਦੇ ਪੀਰੋ!
'ਬੇਸਬਰੋ, ਖ਼ੁਦਗ਼ਰਜ਼ੋ! ਭੁਖਿਓ, ਲਾਲਚ ਮਰੇ ਅਧੀਰੋ!
'ਸਵਾਰਥ ਹਿਤ ਜੋ ਅਪਨੀ ਕੀਮਤ, ਸ਼ਾਨ, ਮਾਨ ਘਟਵਾਂਦੇ!
'ਮੂੜ੍ਹ ਸਦਾ ਬੇਇਜ਼ਤ ਹੁੰਦੇ, ਦੁਖ ਪਾਂਦੇ ਪਛਤਾਂਦੇ!
'ਬੱਧੇ ਰਹੋ, ਇਥੇ ਹੀ ਹੁਣ ਤਾਂ, ਪਰਖ ਬਤੇਰੀ ਹੋਈ!
'ਮੂੜ੍ਹਾਂ ਤਈਂ ਲਿਜਾਵਣ ਦੀ ਨਾ ਚਾਹ 'ਸੁਥਰੇ' ਨੂੰ ਕੋਈ!'
ਤਦ ਤੋਂ ਬੇਅਕਲੀ ਦਾ ਧੱਬਾ ਗਧਿਆਂ ਨੂੰ ਹੈ ਲੱਗਾ!
ਕਿਉਂਕਿ ਸਵਾਰਥ ਵੱਸ ਉਨ੍ਹਾਂ 'ਚੋਂ ਹਰ ਕੋਈ ਬਣਿਆ ਢੱਗਾ!

ਸੌ ਗਾਲ੍ਹਾਂ

'ਸ੍ਰੀ ਕ੍ਰਿਸ਼ਨ' ਦੀ ਦੇਖ ਵਡਾਈ, ਦੁਖ 'ਸ਼ਿਸ਼ੁਪਾਲ' ਮਨਾਯਾ!
ਐਵੇਂ, ਅਪਨਾ ਰਿਦਾ ਸਾੜਿਆ, ਅਤੇ ਦਿਮਾਗ ਧੁਖਾਯਾ!
ਜਿਉਂ ਜਿਉਂ ਵਧੇ ਪ੍ਰਤਾਪ ਕ੍ਰਿਸ਼ਨ ਦਾ,ਤਿਉਂ ਤਿਉਂ ਖਾਇ ਉਬਾਲੇ!
ਅੱਗ ਈਰਖਾ ਦੀ ਵਿਚ ਕੁਦ ਕੁਦ, ਅਪਨਾ ਤਨ-ਮਨ ਜਾਲੇ!
ਜਦੋਂ ਪਾਂਡਵਾਂ ਅੱਸ਼੍ਵ ਮੇਧ, ਦਾ ਜੱਗ ਮਹਾਨ-ਰਚਾਯਾ!
ਕੁੱਲ ਰਾਜਿਆਂ ਵਿਚੋਂ ਚੁਣ ਕੇ, ਕ੍ਰਿਸ਼ਨ ਪ੍ਰਧਾਨ ਬਣਾਯਾ!
ਫਿਰ ਤਾਂ ਮਾਨੋ ਤੇਲ ਪੈ ਗਿਆ, ਅੱਗ ਹਸਦ ਦੀ ਭੜਕੀ!
ਅਪਨੇ ਕੰਢੇ ਸਾੜਨ ਲੱਗੀ ਹਾਂਡੀ ਉਬਲੀ ਗੜ੍ਹਕੀ!
ਹਸਦ ਨਾਲ ਓਹ ਪਾਗਲ ਹੋ ਕੇ, ਗਾਲ੍ਹਾਂ ਲੱਗਾ ਕੱਢਣ!
ਝੱਗ ਭਰੇ ਮੁਖ ਨਾਲ ਲਗ ਪਿਆ, ਆਪਣੇ ਬੁਲ੍ਹ ਹੱਥ ਵੱਢਣ!
ਗੱਜੇ, ਗੜ੍ਹਕੇ, ਤੜਫੇ, ਭੁੜਕੇ, ਬਕੇ, ਝਖੇ ਤੇ ਭੌਂਕੇ!
ਨਾਸਾਂ ਫੁਲ ਗਈਆਂ, ਸਾਹ ਚੜ੍ਹਿਆ, ਵਲ ਖਾਵੇ ਤੇ ਹੌਂਕੇ!