ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹਰ ਮਿਲਨਾ ਕੀ ? ਆਪ ਬਣੋ ਹਰ, ਹਰ ਨੂੰ ਕਾਬੂ ਕਰ ਕੇ ।
'ਜਗ ਵਿਚ ਜਿਸ ਨੇ ਭੀ ਹਰ ਪਾਯਾ, ਹਰ ਖੁਸ਼ ਕਰ ਕੇ ਪਾਯਾ ।
'ਹਰ ਦਿਲ ਜਿਤ ਕੇ ਹਰ ਪਾਵਣ ਦਾ, ਇਕੋ ਰਾਹ ਦਿਖਾਯਾ ।
'ਜਿਸ ਨੇ ਹਰ ਦਿਲ ਖੁਸ਼ ਨਾ ਰਖਿਆ, ਉਸ ਨੇ ਹਰ ਕੀ ਪਾਣਾ ?
'ਇਸ 'ਸੁਥਰੇ' ਗੁਰ ਬਿਨ ਫਜ਼ੂਲ ਹੈ ਲੰਮਾ ਗਿਆਨ ਸੁਨਾਣਾ।'

ਗਲਤ ਫ਼ਹਿਮੀਆਂ

ਮੈਂ ਦੇਖ ਹਮਾਕਤ ਦੁਨੀਆਂ ਦੀ ਹੁੰਦਾ ਹਾਂ ਦੂਹਰਾ ਹੱਸ ਹੱਸ ਕੇ
ਪੈ ਲੋਕ ਮੁਫ਼ਤ ਦੁਖ ਝਲਦੇ ਨੇ ਵਿਚ ਗ਼ਲਤ ਫ਼ਹਿਮੀਆਂ ਫਸ ਫਸਕੇ
'ਕੋਝੇ' ਨੂੰ ਲਗਾ ਭੁਲੇਖਾ ਹੈ ਬਣ ਬਣ ਕੇ 'ਸੋਣ੍ਹਾ' ਫੁਲਦਾ ਹੈ
ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰੇ ਅੰਦਰ ਘੁਲਦਾ ਹੈ
'ਮੂਰਖ' ਖ਼ੁਦ ਤਾਂਈਂ ਸਮਝਦਾ ਹੈ ਅਕਲਈਆ ਵਧ ਵਿਦਵਾਨਾਂ ਤੋਂ
ਫਿਰ ਰੋਂਦਾ ਹੈ, ਜਦ ਜਗਤ ਕਰੇ ਵਰਤਾਉ ਬੁਰਾ ਹੈਵਾਨਾਂ ਤੋਂ
ਕੰਗਲਾ ਹੈ ਫਸਿਆ ਗ਼ਲਤੀ ਵਿਚ ਧਨੀਆਂ ਦੀਆਂ ਰੀਸਾਂ ਕਰਦਾ ਹੈ
ਜਦ ਕਰਜ਼ੇ-ਸੂਦ ਕੁਚਲਦੇ ਨੇ ਤਾਂ ਰੋਂਦਾ ਹਉਕੇ ਭਰਦਾ ਹੈ
ਕਮਜ਼ੋਰ 'ਬਲੀ' ਸਮ ਆਕੜਕੇ ਜਾ ਨਾਲ ਤਕੜਿਆਂ ਖਹਿੰਦਾ ਹੈ
ਤਦ ਹੋਸ਼ ਮਗ਼ਜ਼ ਵਿਚ ਔਂਦੀ ਹੈ ਜਦ ਹੱਡ ਤੁੜਾਕੇ ਬਹਿੰਦਾ ਹੈ
ਕੋਈ 'ਸੋਨੇ' ਸੂਲੀ ਚੜ੍ਹਿਆ ਹੈ, ਕੋਈ 'ਜ਼ਾਤ' ਭੁਲ ਵਿਚ ਫਸਿਆ ਹੈ
ਕੋਈ 'ਰਾਜ' ਭੁਲੇਖੇ ਭੁਲਿਆ ਹੈ, ਸਪ 'ਰੰਗ' ਕਿਸੇ ਨੂੰ ਡਸਿਆ ਹੈ
'ਬੁਧੂ' ਦੇ ਭਾਣੇ ਹਥਕੰਡੇ ਸਭ ਜਗ ਦੇ ਉਸਨੂੰ ਆਂਦੇ ਨੇ
ਪਛਤਾਂਦਾ ਹੈ, ਜਦ ਚਤੁਰ ਲੋਕ, ਉਸ ਵੇਚ ਪਕੌੜੇ ਖਾਂਦੇ ਨੇ
ਪਿਉ ਜਿਸਦਾ ਕਾਲੇ ਅੱਖਰ ਤੋਂ ਮਹਿੰ ਕਾਲੀ ਵਾਂਗੂੰ ਡਰਦਾ ਹੈ
ਓਹ 'ਡੰਗਰ' ਅਪਨੀ ਉਪਮਾ ਕਰ, 'ਕਵੀਆਂ' ਦੀ ਨਿੰਦਾ ਕਰਦਾ ਹੈ
ਕਹਿੰਦੇ ਹਨ 'ਬੰਦੇ' ਘੜਨ ਸਮੇਂ, ਰਬ ਸਭ ਦੇ ਕੰਨ 'ਚ ਕਹਿੰਦਾ ਹੈ
'ਨਹੀਂ ਘੜਿਆ ਤੇਰੇ ਜਿਹਾ ਹੋਰ' ਬਸ 'ਬੰਦਾ' ਆਕੜ ਬਹਿੰਦਾ ਹੈ
ਭੁਲ ਇਸੇ ਤਰਾਂ 'ਸ਼ੈਤਾਨ' ਹੋਰਾਂ ਨਾ ਅਦਬ 'ਆਦਮ' ਦਾ ਕੀਤਾ ਸੀ
'ਏਹ ਖ਼ਾਕੀ ਹੈ ਮੈਂ ਨਾਰੀ ਹਾਂ' ਕਹਿ ਤੌਕ ਲਾਨ੍ਹਤੀ ਲੀਤਾ ਸੀ

-੧੨-