ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੋਂ ਇਕ ਫ਼ਕੀਰ, ਸ਼ਹਿਰ ਦਾ ਚੱਕਰ ਸਾਰਾ ਲਾ ਕੇ!
ਥਕਿਆ ਟੁਟਿਆ ਆਉਂਦਾ ਸੀ ਕੁਝ ਖਾਣਾ ਮੰਗ ਮੰਗਾ ਕੇ!
ਮਸਤ ਹੋਈ ਤੇ ਹਿਲਦੀ ਜੁਲਦੀ ਕੰਜਰੀ ਦਾ ਵੱਜ ਧੱਕਾ!
ਡੁਲ੍ਹ ਗਈ ਦਾਲ ਫਕੀਰ ਸਾਈਂ ਦੀ, ਰਹਿ ਗਿਆ ਹੱਕਾ ਬੱਕਾ!
ਉਸਦੀਆਂ ਛਿੱਟਾਂ ਕੰਜਰੀ ਦੇ ਭੀ ਕਪੜਿਆਂ ਤੇ ਪਈਆਂ!
ਫ਼ੌਰਨ ਉਸ ਦਾ ਯਾਰ ਉਛਲਿਆ ਲੈ ਗੁਸੇ ਵਿਚ ਝਈਆਂ!
ਮੁਕਾ ਮਾਰ ਫਕੀਰ ਸਾਈਂ ਨੂੰ ਉਸ ਨੇ ਭੋਇੰ ਗਿਰਾਯਾ!
ਕਪੜੇ ਬਦਲਨ ਹਿਤ ਕੰਜਰੀ ਨੇ ਬੈਠਕ ਵਲ ਮੂੰਹ ਚਾਯਾ!
ਯਾਰ ਭੀ ਉਸਦਾ ਪਿੱਛੇ ਪਿੱਛੇ ਚੜ੍ਹਨ ਪੌੜੀਆਂ ਲੱਗਾ!
ਸਿਖਰ ਪੌੜੀਓਂ ਪੈਰ ਤਿਲਕਿਆ, ਭੁਲਿਆ ਪਿੱਛਾ ਅੱਗਾ!
ਥੱਲੇ ਡਿੱਗਾ ਗਰਦਨ ਟੁੱਟੀ, ਮਚ ਗਈ ਹਾਹਾਕਾਰੀ!
ਕੰਜਰੀ ਨੇ ਸਾਈਂ ਨੂੰ 'ਜ਼ਾਲਿਮ' ਕਹਿ ਕੇ ਬੋਲੀ ਮਾਰੀ!
ਸ਼ਾਂਤੀ ਨਾਲ ਫ਼ਕੀਰ ਬੋਲਿਆ 'ਮੈਂ ਤਾਂ ਕੁਝ ਨਹੀਂ ਕੀਤਾ!
'ਏਹ ਤਾਂ ਮਿਰੇ ਯਾਰ ਨੇ ਬਦਲਾ ਤਿਰੇ ਯਾਰ ਤੋਂ ਲੀਤਾ!
'ਤਿਰੇ ਯਾਰ ਨੇ ਤੈਥੋਂ ਚਿੜ ਕੇ, ਮੈਨੂੰ ਮੁੱਕਾ ਲਾਯਾ!
'ਮਿਰੇ ਯਾਰ ਨੇ ਮੈਥੋਂ ਚਿੜਕੇ, ਉਸਨੂੰ ਮਾਰ ਮੁਕਾਯਾ!
'ਤਿਰਾ ਯਾਰ ਸੀ ਨਿਰਬਲ ਬੰਦਾ, ਮਿਰਾ ਯਾਰ ਬਲ ਵਾਲਾ'!
'ਸੁਥਰਾ' ਯਾਰ ਗ਼ਰੀਬਾਂ ਦਾ ਹੈ ਈਸ਼੍ਵਰ ਅੱਲਾ-ਤਾਲਾ!
ਚੀਕ ਮਾਰ, ਕੰਜਰੀ ਬੋਲੀ, 'ਬਖਸ਼ ਫ਼ਕੀਰਾ ਅੜਿਆ!
ਮੈਂ ਭੀ ਅਜ ਤੋਂ ਹੋਰ ਯਾਰ ਤਜ, ਉਸੇ ਯਾਰ ਨੂੰ ਫੜਿਆ'!

ਪਹਿਲ

ਜਾਨਵਰਾਂ ਦੇ ਹਸਪਤਾਲ ਇਕ ਬੁੱਧੂ, ਖੋਤਾ ਲਿਆਯਾ !
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਇਆ !
ਕਹਿਣ ਲਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ !
'ਨਲਕੀ ਇਸਦੀ ਨਾਸ ਵਿੱਚ ਰਖ, ਫੂਕ ਜ਼ੋਰ ਦੀ ਲਾਈਂ !
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ !

-੧੭-