ਪੰਨਾ:ਬਾਦਸ਼ਾਹੀਆਂ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ !'
ਕੁਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ !
ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ !
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ !
ਹਾਸਾ ਰੋਕ ਪੁੱਛਿਆ, 'ਬੁੱਧੂ, ਏਹ ਕੀ ਸ਼ਕਲ ਬਣਾਈ ?'
ਕਹਿਣ ਲੱਗਾ ਹਟਕੋਰੇ ਲੈ ਕੇ, 'ਮੈਂ ਚੀਜ਼ਾਂ ਸਭ ਲਈਆਂ !
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਹੋ ਗਈਆਂ !
'ਨਲਕੀ ਵਿਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ !
'ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ !
'ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ !
'ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ !
'ਅੱਲਾ ਬਖ਼ਸ਼ੇ, ਫੂਕ ਓਸਦੀ, ਵਾਂਗ ਹਨੇਰੀ ਆਈ !
'ਨਲਕੀ ਭੀ ਲੰਘ ਜਾਣੀ ਸੀ ਮੈਂ ਫੜਕੇ ਮਸਾਂ ਬਚਾਈ !'
ਉਸਦੀ ਸੁਣਕੇ ਗੱਲ ਡਾਕਟਰ, ਹਸ ਹਸ ਦੂਹਰਾ ਹੋਯਾ !
ਬੁੱਧੂ ਉਸ ਨੂੰ ਵੇਖ ਹਸਦਿਆਂ, ਦੂਣਾ ਚੌਣਾ ਰੋਯਾ !
ਹਸਦੇ-ਰੋਂਦੇ ਦੇਖ ਦੁਹਾਂ ਨੂੰ, 'ਸੁਥਰਾ' ਭੀ ਮੁਸਕਾਇਆ :-
'ਸੁਣ ਓ ਬੁੱਧੂ ਇਸ ਜਗ ਨੇ ਹੈ, 'ਪਹਿਲ' ਤਾਈਂ ਵਡਿਆਇਆ !
'ਜਿਦ੍ਹੀ ਫੂਕ ਵਜ ਜਾਵੇ ਪਹਿਲਾਂ, ਜਿੱਤ ਓਸਦੀ ਕਹਿੰਦੇ !
ਤੇਰੇ ਜਿਹੇ ਸੁਸਤ ਪਿਛ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ !'

ਦੋਹੀਂ ਹੱਥੀਂ ਲੱਡੂ

ਹਜ਼ਰਤ ਅਲੀ ਪਾਸ ਇਕ ਮੂਰਖ ਬਹਿਸ ਕਰਨ ਹਿਤ ਆਇਆ
ਕਹਿਣ ਲਗਾ, 'ਰੱਬ ਚੀਜ਼ ਨ ਕੋਈ, ਲੋਕਾਂ ਮੁਫ਼ਤ ਧੁਮਾਇਆ
'ਪਾਣੀ, ਪੌਣ, ਅੱਗ ਤੇ ਮਿੱਟੀ ਰਲ ਬੰਦਾ ਬਣ ਜਾਵੇ
'ਚੂਨਾ, ਕੱਥਾ, ਪਾਨ ਜਿਵੇਂ ਰਲ, ਆਪੇ ਸੁਰਖ਼ੀ ਆਵੇ
'ਕਣਕ ਕਣਕ ਤੋਂ ਪੈਦਾ ਹੁੰਦੀ ਜੌਂ ਤੋਂ ਜੌਂ ਹਨ ਉਗਦੇ
'ਸ਼ੇਰ ਸ਼ੇਰ ਤੋਂ, ਗਊ ਗਊ ਤੋਂ ਜੰਮ ਕੇ ਖਾਂਦੇ, ਚੁਗਦੇ

-੧੮-