'ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ !
ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ,
'ਨਾ ਅਕਲ ਸ਼ਊਰ ਤਮੀਜ਼ ਕੋਈ, ਪੜ੍ਹਿਆਂ ਦਾ ਪਾਣੀ ਭਰਦਾ ਹੈ !
'ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ,
'ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ !'
ਅਨਪੜ੍ਹ ਨੇ ਧੀਰਜ ਨਾਲ ਕਿਹਾ, 'ਹੈ ਸ਼ੁਕਰ ਨਹੀਂ ਮੈਂ ਪੜ੍ਹਿਆ ਹਾਂ,
'ਨਾ ਵਾਂਗ ਤੁਹਾਡੇ ਕੜ੍ਹਿਆ ਹਾਂ, ਨਾ ਮਾਣ ਮੁਹਾਰੇ ਚੜ੍ਹਿਆ ਹਾਂ !
ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ,
'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋੜ ਦੁਹਾਈਆਂ ਨੇ !
ਮੈਂ ਬੇਸ਼ਕ ਪੜ੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ,
'ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਭੋਰਾ ਚੁਣਿਆ ਹੈ !
ਕਹਿੰਦੇ ਨੇ ਪੜ੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ,
'ਤੇ ਸ੍ਯਾਨਾ ਓਹ, ਜੋ ਪੜ੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ !
'ਕੋਈ ਪੜ੍ਹ ਪੜ੍ਹ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਉਮਰਾਂ ਗਾਲ ਲਵੇ,
'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ !
'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ?
'ਉਹ ਕੀੜਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ !
'ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ,
'ਪੜ੍ਹਿਆ ਅਨਪੜ੍ਹਿਆ ਹਰ ਕੋਈ, ਜੋ ਧ੍ਯੌਂਦਾ ਹੈ ਸੋ ਪੌਂਦਾ ਹੈ !
ਮਤਲਬ ਕੀ ? ਅਨਪੜ੍ਹ ਪੜ੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ,
ਜ੍ਯੋਂ, ਧੂਤੂ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ !
'ਜੋ 'ਆਲਿਮ' ਹੈ ਤੇ 'ਆਮਿਲ' ਭੀ, ਉਹ ਬੇਸ਼ਕ ਸਾਥੋਂ 'ਸੁਥਰਾ' ਹੈ !
'ਪਰ ਪੜ੍ਹ ਪੜ੍ਹ ਕੇ ਜੋ ਕੜ੍ਹਿਆ ਹੈ, ਉਹ ਅਨਪੜ੍ਹ ਤੋਂ ਵੀ ਕੁਥਰਾ ਹੈ !'
ਮੁਫ਼ਤ ਦੀਆਂ ਰੋਟੀਆਂ
ਨ੍ਯਾਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ
-੨੦-