ਪੰਨਾ:ਬਾਦਸ਼ਾਹੀਆਂ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕਿੰਨੇ ਪੈਸੇ ਮਿਲਸਨ ?' ਮੁੱਲਾਂ ਪਾਸ ਖਲੋਤਾ ਸੋਚੇ
'ਰੱਬਾ ! ਹਰ ਕੁਈ ਦਏ ਨਿਆਜ਼ਾਂ' ਦਿਲ ਵਿਚ ਏਹੋ ਲੋਚੇ
ਇਕ ਧੋਬੀ ਦਾ ਬਲਦ ਲੰਘਿਆ, ਨਜ਼ਰ ਰੋਟੀਆਂ ਪਈਆਂ
ਬੁਰਕ ਮਾਰਕੇ ਉਸਨੇ ਇਕਦਮ, ਝਟ ਇਕ ਦੋ ਚੱਬ ਲਈਆਂ
ਮੁੱਲਾਂ-ਅੱਖੀਂ ਖ਼ੂਨ ਉਤਰਿਆ, ਕੱਸ ਕੱਸ ਡੰਡੇ ਲਾਏ
ਧੋਬੀ ਨੂੰ ਵੀ ਨਾਲ ਤਬੱਰ੍ਹੇ ਅਰਬੀ ਵਿੱਚ ਸੁਣਾਏ
ਧੋਬੀ ਭੁੱਬੀਂ ਰੋਣ ਲਗ ਪਿਆ, ਲੋਕ ਹੋਏ ਆ ਕੱਠੇ
ਮੁੱਲਾਂ ਦੰਦ ਕਰੀਚੇ, ਆਖੇ 'ਓ ਉੱਲੂ ਕੇ ਪੱਠੇ !
'ਮਿਰੀ ਰੋਟੀਆਂ ਜ਼ਾਇਆ ਕਰਕੇ, ਊਪਰ ਸੇ ਹੈ ਰੋਤਾ
'ਇਕ ਦੋ ਛੜੀਆਂ ਲਗਨੇ ਸੇ ਹੈ ਕਿਆ ਬੈਲ ਕੋ ਹੋਤਾ ?'
ਕਿਹਾ ਧੋਬੀ ਨੇ 'ਮੁੱਲਾਂ ਜੀ, ਮੈਂ ਇਸ ਮਾਰੋਂ ਨਹੀਂ ਰੋਯਾ
'ਮੇਰਾ ਤਾਂ ਨੁਕਸਾਨ ਹੋਰ ਇਕ ਬਹੁਤ ਵਡਾ ਹੈ ਹੋਯਾ
'ਮੁਫ਼ਤ ਦੀਆਂ ਜੋ ਤੇਰੀਆਂ ਮੰਨੀਆਂ, ਬਲਦ ਮੇਰੇ ਖਾ ਲਈਆਂ
'ਬੂੰਦਾਂ ਪਾਰੇ-ਜ਼ਹਿਰ ਦੀਆਂ ਹਨ ਉਸਦੇ ਅੰਦਰ ਗਈਆਂ
'ਤਿਰੇ ਵਾਂਗ ਹੀ ਬਲਦ ਮੇਰਾ ਭੀ ਹੁਣ ਹੋ ਜਾਊ ਨਿਕੰਮਾਂ
'ਲੁਟਿਆ ਗਿਆ, ਅੱਜ ਮੈਂ ਹਾਇ ! ਬਹੁੜੀਂ ਮੇਰੀ ਅੰਮਾਂ !'
ਮੁੱਲਾਂ ਹੋਇਆ ਅਤਿ ਸ਼ਰਮਿੰਦਾ, ਲੋਕੀਂ ਖਿੜ ਖਿੜ ਹੱਸੇ
ਪਰ ਧੋਬੀ ਦੇ ਲਫ਼ਜ਼ ਕੀਮਤੀ 'ਸੁਥਰੇ' ਦੇ ਦਿਲ ਵੱਸੇ
'ਪੂਜਾ ਦਾ ਧਨ' ਦਸਵੇਂ ਗੁਰ ਨੇ, ਹੈਸੀ ਤਦੇ ਰੁੜ੍ਹਾਯਾ
ਉਸ 'ਪਾਰੇ' ਤੋਂ ਅਪਨੇ ਸਿੱਖਾਂ ਬੀਰਾਂ ਤਈਂ ਬਚਾਯਾ
'ਆਬਿ ਹਯਾਤ' ਵਾਂਗ ਹੈ ਜਗ ਤੇ ਮਿਹਨਤ-ਕਿਰਤ-ਕਮਾਈ
'ਪੂਜਾ ਅਤੇ ਮੁਫ਼ਤ ਦੀ ਰੋਟੀ' ਜ਼ਹਿਰ-ਹਲਾਹਲ ਭਾਈ !'

ਖੂਹ ਦੇ ਆਸ਼ਕ

ਇਕ ਆਦਮੀ ਖੂਹ ਤੇ ਆਇਆ ਲੈ ਕੇ ਅਪਨਾ ਡੋਲ!
ਪਿਆਸ ਨਾਲ ਘਬਰਾਇਆ, ਪੁੱਜਾ ਭਜ ਕੇ ਭੌਣੀ ਕੋਲ!
ਤਿਲਕ ਧਾਰੀਆ ਇਕ ਸੀ ਨੇੜੇ, ਉਸ ਫੜ ਲੀਤੀ ਡਾਂਗ!

-੨੧