ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਆਥਰ’ ਤੇ ‘ਪੋਇਟ' ਇੰਗਲਸ਼ ਹਰ ਇਕ ਸੀ ਧਰਿਆ ਪਿਆ
ਮੁੱਦਾ ਕੀ ਉੱਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ
'ਚਿੜੀਆਂ ਦਾ ਦੁਧ' ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ
ਜੇ ਨਹੀਂ ਸੀ ਤਾਂ ਸਿਰਫ, 'ਨਿਤਨੇਮ ਦਾ ਗੁਟਕਾ' ਨ ਸੀ

ਲਹੂ, ਪਾਣੀ ਨਾਲੋਂ ਗਾੜ੍ਹਾ ਹੈ।

ਲੁਟ ਪੁਟ ਜੂਏ ਵਿਚ ਕੌਰਵਾਂ, ਪਾਂਡਵ ਖ਼ਾਕ ਮਿਲਾਏ
ਤੇਰਾਂ ਸਾਲ ਜੰਗਲੀਂ ਵੱਸੇ, ਕਰੜੇ ਹੁਕਮ ਸੁਣਾਏ
ਪੰਜੇ ਪਾਂਡਵ ਅਤੇ ਦ੍ਰੋਪਦੀ ਨਾਲ ਮਾਤ ਨੂੰ ਲੈ ਕੇ
ਸਿਰ ਨੀਵਾਂ ਕਰ ਸ਼ਹਿਰੋਂ ਨਿਕਲੇ, ਰਾਹ ਜੰਗਲ ਦੇ ਪੈ ਕੇ
ਦੁਰਯੋਧਨ ਨੂੰ ਕੁਝ ਦਿਨ ਪਿਛੋਂ ਸੋਚ ਕਮੀਨੀ ਆਈ
ਦੁਖੀਏ ਵੀਰਾਂ ਦੇ ਤਾਉਣ ਨੂੰ ਭੱਠੀ ਹੋਰ ਤਪਾਈ
ਕਹਿਣ ਲਗਾ ‘ਓ ਕੌਰਵ ਭਾਈਓ, ਸਜ ਬਣ ਕੇ ਸਭ ਜਾਈਏ
‘ਜੰਗਲ ਵਿਚ ਪਾਂਡਵਾਂ ਤਾਈਂ, ਤਾਈਏ, ਦੁਖ ਪੁਚਾਈਏ'
ਐਸਾ ਨੀਚ ਇਰਾਦਾ ਕਰ ਕੇ, ਇਕ ਸੌ ਕੌਰਵ ਭਾਈ
ਬੜੇ ਲਾਉ ਲਸ਼ਕਰ ਲੈ ਅਪਨੇ, ਕਰ ਕੇ ਤੁਰੇ ਚੜ੍ਹਾਈ
ਹੀਰੇ, ਲਾਲ, ਜਵਾਹਰ, ਮੋਤੀ, ਬਸਤਰ ਪਾ ਵਡਮੁਲੇ
ਸ਼ਸਤ੍ਰ ਸਜਾਏ, ਮੁਛਾਂ ਵਟੀਆਂ, ਵਾਂਗ ਕੁਪਿਆਂ ਫੁਲੇ
ਐਪਰ ਬਨ ਵਿਚ ਜਾਂਗਲੀਆਂ ਨੇ ਸਭ ਨੂੰ ਘੇਰਾ ਪਾਇਆ
ਸਣੇ ਰਾਣੀਆਂ ਕੁਲ ਕੌਰਵਾਂ ਤਾਈਂ ਬੰਨ੍ਹ ਬਿਠਾਇਆ
ਸੁਣ ਕੇ ਖ਼ਬਰ ਯੁਧਿਸ਼ਟਰ ਜੀ ਝਟ ਮਦਦ ਲਈ ਉਠ ਭੱਜੇ
ਕਿਹਾ ਭੀਮ , ਨੇ 'ਭ੍ਰਾਤਾ ! ਉਹ ਤਾਂ ਵੈਰੀ ਹੈਨ ਨਿਲੱਜੇ
ਉੱਤਰ ਮਿਲਿਆ 'ਵੀਰ’ ਵੀਰ ਹੈ, ਭਾਵੇਂ ਵੈਰ ਕਮਾਵੇ
'ਦੁਖ ਵਿਚ ਦੇਖ ਵੀਰ ਨੂੰ, ਉਸ ਦਾ ਵੈਰ ਕੁਲ ਭੁਲ ਜਾਵੇ'
ਤੀਰ-ਕਮਾਨ ਸੰਭਾਲ ਪਾਂਡਵਾਂ, ਕੌਰਵ ਕੁਲ ਛੁਡਾਏ
ਵੀਰ-ਪ੍ਰੇਮ ਦੇ ਮਹਾਂ ਪੂਰਨੇ 'ਸੁਥਰੇ' ਜਗ ਤੇ ਪਾਏ

-੩੬-