ਇਕ ਤਾਂ ਫ਼ੌਰਨ ਲਾਣ ਲਗ ਪਿਆ ਸਭ ਬਿਰਛਾਂ ਦੇ ਲੇਖੇ
ਬੂਟੇ, ਤਨੇ, ਟਾਹਣੀਆਂ ਪੱਤੇ ਨੀਝਾਂ ਲਾ ਲਾ ਦੇਖੇ
ਤਫ਼ਰੀਕਾਂ, ਤਕਸੀਮਾਂ, ਜ਼ਰਬਾਂ, ਅਰਬੇ ਸੱਤੇ ਲਾਵੇ
ਧਰਤੀ ਮਿਣੇ, ਗਿਣੇ ਰੁਖ ਬੂਟੇ ਪਿਆ ਦਿਮਾਗ਼ ਖਪਾਵੇ:-
'ਕਿੰਨੇ ਦੀ ਇਹ ਭੋਂ ਹੋਵੇਗੀ ? ਬਾਗ ਉਤੇ ਕੀ ਲੱਗਾ ?
ਖੂਹ ਤੇ ਕਿੰਨੀ ਮਾਇਆ ਲੱਗੀ ? ਕਿੰਨੇ ਦਾ ਹੈ ਢੱਗਾ ?
ਕਿੰਨੇ ਬਣੇ ? ਤੇ ਫਲ ਕਿੰਨੇ ? ਕੀ ਭਾ ਵਟਕ ਆਊ ?
'ਖੱਟੀ ਖੱਟੂ ਮਾਲਕ ਇਸ ਤੋਂ ? ਯਾ ਕੁਝ ਘਾਟਾ ਪਾਊ ?
'ਉਗ ਪੈਂਦੇ ਨੇ ਅੰਬ ਕਿਸ ਤਰ੍ਹਾਂ ? ਫਲ ਕੀਕੂੰ ਪੈ ਜਾਵੇ ?
'ਕਿਉਂ ਨਾ ਅੰਬ ਨੂੰ ਲੱਗਣ ਆੜੂ ? ਭੇਤ ਨ ਕੋਈ ਸੁਣਾਵੇ !'
'ਉਸ ਨੂੰ ਬੂਟੇ ਗਿਣਦਾ ਛਡ ਕੇ, ਦੂਜੇ ਕੀਤੀ ਧਾਈ
ਮਾਲੀ ਨੂੰ ਜਾ 'ਸਾਹਬ ਸਲਾਮਤ’ ਆਖ ਦੋਸਤੀ ਲਾਈ
ਮਾਲੀ ਨੇ ਉਠ ਆਦਰ ਕੀਤਾ, ਮੰਜੇ ਤੇ ਬਿਠਲਾਇਆ
ਸੁਖ ਪੁੱਛੀ, ਜਲ ਪਾਣੀ ਪੁਛਿਆ, ਪੱਖਾ ਪਕੜ ਹਿਲਾਇਆ
ਮਿੱਠੇ ਪੱਕੇ ਅੰਬ ਤੋੜ ਕੇ, ਅੱਗੇ ਆਣ ਟਿਕਾਏ
ਉਸ ਪੱਠੇ ਨੇ ਮਜ਼ੇ ਨਾਲ ਰਜ ਚੂਸੇ, ਗੱਫੇ ਲਾਏ
ਪਹਿਲਾ ਬੂਟੇ-ਪੱਤੇ ਗਿਣ ਗਿਣ ਐਵੇਂ ਖਪਿਆ ਤਪਿਆ
ਦੂਜੇ ਨੇ ਅੰਬ ਖਾਧੇ ਰੱਜ ਕੇ, ਨਾਮ ਰੱਬ ਦਾ ਜਪਿਆ
ਇਸੇ ਤਰ੍ਹਾਂ ਇਸ ਜਗ ਤੇ ਬਹੁਤੇ ਲੋਕੀ ਹਨ ਦੁਖ ਪਾਂਦੇ
ਅੰਬ ਨ ਖਾਂਦੇ, ਬੂਟੇ ਗਿਣਦੇ, ਬਿਰਥਾ ਜਨਮ ਗੁਆਂਦੇ
ਕੀ ? ਕਯੋਂ ? ਕਦੋਂ? ਕਿਸਤਰ੍ਹਾਂ ? ਕਿੰਨਾ? 'ਸੁਥਰਾ' ਕਦੀ ਨ ਸੋਚੇ
ਅੰਬ ਖਾਵੇ, ਨਾ ਬਿਰਛ ਗਿਣੇ ਤੇ ਨਾ ਆ ਜੜ੍ਹਾਂ ਖਰੋਚੇ
ਸੰਜੀਵਨੀ ਬੂਟੀ
ਬਰਛੀ ਖਾਇ ਲਛਮਨ ਮੁਰਦੇ ਵਾਂਗ ਡਿੱਗਾ,
ਸੈਨਾ ਰਾਮ ਅੰਦਰ ਹਾਹਾਕਾਰ ਹੋਈ !
ਰਾਮ ਰੋਣ ਲੱਗੇ, ਜਾਨ ਖੋਣ੍ਹ ਲੱਗੇ:-