ਉਸ ਦੇ ਇਕ ਭਰਾ ਮਜ਼੍ਹਬੀ ਨੂੰ ਚੌਥੇ ਜਾ ਤੜਫਾਇਆ
ਬਚਣ ਲਈ ਕਾਨੂੰਨੋਂ ਉਸ ਭੀ 'ਪਾਗ਼ਲ' ਰੂਪ ਬਣਾਇਆ।
ਇਸ ਪਰ ਲੋਕੀ ਛਿੱਥੇ ਹੋ ਕੇ ਲਗੇ ਲਾਨ੍ਹਤਾਂ ਪਾਵਣ
ਕਹਿੰਦੇ 'ਪਹਿਲਾਂ ਹਤਿਆ ਕਰ ਕੇ, ਪਾਗ਼ਲ ਕਿਉਂ ਬਣ ਜਾਵਣ?
ਮੈਂ ਪੁੱਛਿਆ ਕਿ ਪਾਗ਼ਲ ਨਹੀਂ ਤਾਂ ਕੀ ਓਹ ਹੈਨ ਸਿਆਣੇ?
ਕੀ ਹੈ ਅਕਲਮੰਦਾਂ ਦਾ ਕੰਮ ਏ? ਚਾਕੂ-ਛੁਰੇ ਚਲਾਣੇ?
'ਕੀ ਹੈ ਉਨ੍ਹਾਂ ਸ਼ਰਾਰਤੀਆਂ ਦੀ ਬੁੱਧੀ-ਅਕਲ ਟਿਕਾਣੇ ?
'ਮਜ਼੍ਹਬੀ-ਪਰਦੇ ਹੇਠ ਜੋ ਵਰਤਣ ਲਫ਼ਜ਼ ਸਖ਼ਤ ਭੜਕਾਣੇ ?
'ਨਿੱਕੀ ਨਿੱਕੀ ਗੱਲ ਹੇਤ ਜੋ ਲੜਨ ਲਈ ਤੁਰ ਪੈਂਦੇ ।
'ਓਹ ਤਾਂ ਅਪਨੇ ਆਪ ਸ਼ੁਦਾਈਆਂ ਦੀ ਪਦਵੀ ਨੇ ਲੈਂਦੇ ।
'ਤੁਸੀਂ ਤਾਂ ਰੋਵੋ ਦੋ ਵਹਿਸ਼ੀ ਕਿਉਂ ਪਾਗ਼ਲ ਬਣਕੇ ਦਸਦੇ ?
'ਗ਼ੈਰ-ਦੇਸ਼ ਹਨ ਕੁਲ ਹਿੰਦ ਦੇ ਪਾਗ਼ਲਪਨ ਤੇ ਹਸਦੇ ।
'ਲੰਮਾ-ਚੌੜਾ ਦੇਸ਼ ਇੰਡੀਆ ਬਣਿਆ ਪਾਗ਼ਲ ਖ਼ਾਨਾ ।
'ਹਰ ਇਕ ਬੰਦਾ ਭਾਰਤਵਾਸੀ ਹੈ ਮਜ਼੍ਹਬੀ ਦੀਵਾਨਾ ।
'ਪਾਗ਼ਲ ਹੀ ਹਨ ਗੈਰ ਮਜ਼੍ਹਬ ਨੂੰ ਗਾਲ੍ਹਾਂ ਮੰਦੇ ਕਢਦੇ ।
'ਪਾਗ਼ਲ ਹੀ ਹਨ ਗੈਰ ਮਜ਼੍ਹਬੀਆਂ ਦੇ ਗਲ-ਗਾਟੇ ਵਢਦੇ ।
‘ਪਾਗ਼ਲ ਹੀ ਹਨ ਦੇਸ਼ ਭਰਾਵਾਂ ਦੇ ਦਿਲ ਸਾੜ ਦੁਖਾਂਦੇ ।
'ਪਾਗ਼ਲ ਹੀ ਹਨ ਨਾਮ ਮਜ਼੍ਹਬ ਦੇ ਬਦ-ਅਮਨੀ ਫੈਲਾਂਦੇ ।
'ਇਨ੍ਹਾਂ ਪਾਗ਼ਲਾਂ ਭਾਰਤ ਵਿਚ ਹੈ ਐਸਾ ਝਖੜ ਝੋਇਆ ।
'ਸਭ ਘਰ ਪਾਗ਼ਲ,ਸਭ ਘਰ ਪਾਗ਼ਲ,ਸਭ ਘਰ ਪਾਗ਼ਲ ਹੋਇਆ ।
'ਏਹ ਪਾਗ਼ਲਪਨ ਦੂਰ ਕਰੋ ਝਬ, ਧੋਵੋ ਮੁਖੋਂ ਸਿਆਹੀ
ਹਿੰਦੂ, ਮੁਸਲਮ, ਸਿਖ ਭਰਾਓ, ਬਚੋ, ਨੇ ਕਰੋ ਤਬਾਹੀ,
ਮਜ਼੍ਹਬ ਕੋਈ ਭੀ, ਕਦੇ ਨਾ ਦਸਦਾ, ਪ੍ਰਸਪਰ ਵੈਰ ਵਧਾਣਾ
ਪਾਪੀ ਹੈ, ਜੋ ਵੈਰ ਵਧਾਵੇ, ਪੰਡਤ, ਭਾਈ, ਮੁਲਾਣਾ
ਮਜ਼੍ਹਬ ਤਾਈਂ ਬਦਨਾਮ ਜੋ ਕਰਦੇ, ਹੈਨ ਵਿਚਾਰੇ ਪਾਗ਼ਲ
ਸੁਥਰਾ ਹੈ ਬੇਤੱਸਬ ਦਾੱਨਾ, ਤੱਸਬ ਮਾਰੇ ਪਾਗ਼ਲ।
-੪੬-