ਪੰਨਾ:ਬਾਦਸ਼ਾਹੀਆਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਜੇਬ ਹੋਈ ਖਾਲੀ, ਦਿਲ ਨੂੰ ਭੀ ਸ਼ਾਂਤ ਆਈ
ਜੇ ਸੀਸ ਮੰਗੇ, ਹਾਜ਼ਰ, ਜੇ ਜਾਨ ਚਾਹੇਂ, ਸਦਕੇ,
ਪਰ ਟੁੱਟਸੀ ਏ ਯਾਰੀ ਜੇ ਮੰਗਸੇਂ ਤੂੰ ਪਾਈ
ਹੈਰਾਨ ਹਾਂ ਕਿ ਉਮਰਾ ਕਟ ਲਵਾਂਗੇ ਰੋ ਧੋ,
ਖੱਫਣ ਮਿਲੇਗਾ ਕਿੱਥੋਂ ? ਜਦ ਕਰ ਗਏ ਚੜ੍ਹਾਈ
ਪੈਸੇ ਦੇ ਸਿਰ ਤੇ 'ਮੈਂ' ਤਾਂ ਪੌਲੇ ਲਗਾਵਾਂ ਸੌ ਸੌ
ਪਰ ਹਾਇ, ਕੀ ਕਰੇਗੀ ? ਆ ਕੇ 'ਓਹ' ਧੀ ਪਰਾਈ !
ਮੈਂ ਚੀਕਿਆ ਬਥੇਰਾ, ਦਿਲ ਦੇਖ, ਨਾ ਕਿ ਪੈਸਾ
ਮਹਿਫ਼ਲ’ਚੋਂ ਫਿਰ ਭੀ ਕਢਿਆ,ਤਾਂ ਸਖਤ ਸ਼ਰਮ ਆਈ !
ਡੁਬ ਜਾਏ ਏਹ ਗ਼ਰੀਬੀ, ਇਖ਼ਲਾਕ ਜੇ ਦਿਖਾਈਏ,
ਤਾਂ ਸਮਝ ਕੇ ਖੁਸ਼ਾਮਦ, ਨੱਕ ਵਟਦੀ ਲੁਕਾਈ
ਹਨ ਕਹਿਣ ਨੂੰ ਏਹ ਗੱਲਾਂ,ਮੂਰਤ ਹੈ 'ਉਸ' ਦੀ ਦਿਲ ਵਿਚ
ਪੈਸਾ ਜੂ ਸੀ ਨਾ ਪੱਲੇ, ਮੂਰਤ ਭੀ ਨਾ ਖਿਚਾਈ !
ਰੱਬਾ ! ਮੈਂ ਕੀ ਕਰਾਂ ਅਜ, ਓਹ ਆਵਸਣ ਮਿਰੇ ਘਰ,
ਨਾ ਬਹਿਣ ਨੂੰ ਹੈ ਕੁਰਸੀ, ਨਾ ਖਾਣ ਨੂੰ ਮਿਠਾਈ !
'ਸੁਥਰੇ' ਦੀ ਸ਼ਾਨ ਦੇਖੋ, ਲੋਕੀ ਨੇ ਧਨ ਨੂੰ ਰੋਂਦੇ
ਇਸ ਪਾਸ ਆਈ ਲਛਮੀ, ਪਰ ਇਸ ਨੇ ਪਿਠ ਭੁਆਈ ।

ਪਾਪ ਦੀ ਬੁਰਕੀ

ਇਕ ਰਾਜੇ ਦਾ ਗੁਰ-ਤਪੀਸ਼ਰ ਚੋਰੀ ਦੇ ਵਿਚ ਫੜਿਆ
ਚੋਰਾਂ ਵਾਂਗੂੰ ਰਾਜੇ ਅਗੇ ਸਿਰ ਨੀਵਾਂ ਕਰ ਖੜਿਆ
ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਇਆ
ਮੌਕਾ ਪਾ ਕੇ ਰਾਣੀ ਦਾ ਨੌਲੱਖਾ ਹਾਰ ਚੁਰਾਇਆ
ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ
ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਆਵੇ
ਜੇ ਧਨ ਦੀ ਸੀ ਲੋੜ ਏਸ ਨੂੰ ਇਕ ਇਸ਼ਾਰਾ ਕਰਦਾ
ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ

-੫੮-