ਪੰਨਾ:ਬਾਦਸ਼ਾਹੀਆਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਈਂ ਚਾਈਂ ਵਿਆਹ ਕਰਾ ਕੇ ਬਾਬੂ ਦਫਤਰ ਆਯਾ
ਮਾਲਕ ਨੇ ਔਂਦੇ ਨੂੰ ਅਪਨੇ ਕਮਰੇ ਵਿਚ ਬੁਲਾਯਾ
ਕਹਿਣ ਲਗਾ ੧ਕੰਗਰੈਚੂਲੇਸ਼ਨਜ਼, ਖੂਬ ਹੋ ਗਈ ਸ਼ਾਦੀ ?
ਖਿੜ ਕੇ ਬੋਲਿਆ ੨‘ਥੈਂਕਯੂ ਸਰ, ਹੋ ਗਈ ਹੈ ਘਰ ਅਬਾਦੀ'
ਫਿਰ ਉਸ ਪੁਛਿਆ 'ਧੂਮ ਧਾਮ ਭੀ ਸੁਣਿਐ ਰਜ ਕੇ ਹੋਈ ।'
'ਜੀ ਹਾਂ, ਕ੍ਰਿਪਾ ਆਪ ਦੀ ਕਰਕੇ, ਕਸਰ ਰਹੀ ਨਹੀਂ ਕੋਈ !'
‘ਕਰਜ਼ਾ ਭੀ ਸਿਰ ਚੜ੍ਹ ਗਿਆ , ਹੋਸੀ ?' ਸੀ ਏਹ ਗੱਲ ਜ਼ਰੂਰੀ
'ਕਰਜ਼ੇ ਬਿਨਾ ਹਮਾਤੜ ਦੀ ਪੈ ਸਕੇ ਕਿਸ ਤਰ੍ਹਾਂ ਪੂਰੀ ?
ਫਿਰ ਪੁਛਿਆ 'ਹੁਣ' ਖ਼ਰਚ ਤਿਰਾ ਭੀ ਵਧ ਜਾਏਗਾ ਭਾਰਾ
‘ਤੀਸ ਰੂਪੈ ਤਨਖਾਹ ਵਿਚ ਤਾਂ ਹੁਣ ਮੁਸ਼ਕਲ ਹੋਊ ਗੁਜ਼ਾਰਾ ?'
ਹੱਥ ਜੋੜ ਕੇ, ਕਹਿਣ ਲਗਾ 'ਫ਼ਰਮਾਈ ਜੇ ਗੱਲ ਪੱਕੀ,
'ਹੁਣ ਤਾਂ ਤਦੇ ਗੁਜ਼ਾਰਾ ਹੋਊ ਬਖਸ਼ੋ ਆਪ ਤਰੱਕੀ ।'
ਧੜਕ ਧੜਕ ਚਲ ਕਰੇ ਬਾਬੂ ਦਾ, ਵਿਚੋਂ ਖੁਸ਼ ਭੀ ਹੋਵੇ ।
ਧੰਨ ਅਜੇਹਾ ਮਾਲਿਕ ਜੋ ਖੁਦ ਨੌਕਰ ਦਾ ਦੁਖ ਖੋਵੇ ।
ਐਪਰ ਮਾਲਿਕ ਜੀ ਨੇ ਡਾਢਾ ਉਲਟਾ ਹੁਕਮ ਸੁਣਾਯਾ:-
‘ਜਾਓ ਬਾਬੂ ਜੀ ਇਸੀ ਵਕਤ ਸੇ ਹਮ ਨੇ ਤੁਮ੍ਹੇਂ ਹਟਾਯਾ
ਸ਼ਾਦੀ ਕਰ ਕੇ ਖਰਚ ਬੜ੍ਹਾ ਕਰ ਤੁਮ ਨੇ ਕੀ ਨਾਦਾਨੀ
'ਅਬ ਤੁਮ ਯਹਾਂ ਜ਼ਰੂਰ ਕਰੋਗੇ, ਚੋਰੀ-ਬੇਈਮਾਨੀ
ਖ਼ਰਚ ਜ਼ਿਆਦਾ ਤਨਖਾਹ ਕਮਤੀ, ਡਯੂਟੀ ਨਾ ਦੇ ਪੂਰੀ
'ਐਸਾ ਸ਼ਖਸ ਹਮੇਂ ਨਹੀਂ ਚਾਹੀਏ ੩'ਸੌਰੀ' ਹੈ ਮਜ਼ਬੂਰੀ'
'ਬਾਬੂ ਰੋਯਾ' ਲੋਕ ਤਾਂ ਇਜ਼ਤ ਕਰਨ ਜੋ ਜਾਏ ਵਿਆਹਿਆ
‘ਸੁਥਰੇ' ਉਲਟਾ ‘ਬੇਈਮਾਨੀ ਦਾ ਠੱਪਾ' ਚੁਕ ਲਗਾਇਆ

ਦਸਾਂ ਪੇਂਡੂਆਂ ਦਾ ਮੇਲਾ

ਦਸਾਂ ਪੇਂਡੂਆਂ ਤਈਂ ਵਿਸਾਖੀ ਦਾ ਦਿਲ ਚੜ੍ਹਿਆ ਚਾ
ਡੱਬਾਂ ਵਿਚ ਰੁਪੱਈਏ ਬੰਨ੍ਹ ਕੇ ਗਏ ਸ਼ਹਿਰ ਵਲ ਧਾ

੧ ਵਧਾਈਆਂ। ੨ ਧੰਨਵਾਦ ਜਨਾਬ । ੩ ਸ਼ੋਕ ਹੈ ।

- ੬੬ -