ਪੰਨਾ:ਬੁਝਦਾ ਦੀਵਾ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਵਾਸਤੇ ਸਮਾਂ ਘਟ ਹੀ ਮਿਲਦਾ ਸੀ। ਪਰ ਅੱਜ ਰਾਤ ਕੁਝ ਰੁਤ ਚੰਗੀ ਹੋਣ ਕਰ ਕੇ ਉਸ ਦੇ ਦਿਲ ਵਿਚ ਉਮੰਗ ਉੱਠੀ ਕਿ ਨਾਚ ਵੇਖਣ ਜ਼ਰੂਰ ਜਾਵਾਂ।

ਪਹਿਲੇ ਹੀ ਨਾਚ ਵਿਚ ਇਕ ਲੜਕੀ ਨੱਚਦੀ ਹੋਈ ਓਸ ਦੇ ਕੋਲੋਂ ਦੀ ਲੰਘੀ। ਵੀਰੇਂਦਰ ਦੀਆਂ ਅੱਖਾਂ ਓਸ ਤੇ ਜੰਮ ਗਈਆਂ। ਲੜਕੀ ਦੀ ਉਮਰ ਵੀਹ ਸਾਲ ਦੇ ਲਗ ਪਗ, ਉਸ ਦੇ ਵਾਲ ਕਾਲੇ ਭੌਰ ਵਰਗੇ, ਉਠਦੀ ਜਵਾਨੀ, ਪਤਲਾ ਲੱਕ, ਜਿਸ ਤਰਾਂ ਕਿ ਵਿਧਾਤਾ ਨੇ ਓਸ ਨੂੰ ਨਾਚ ਵਾਸਤੇ ਹੀ ਬਣਾਇਆ ਹੁੰਦਾ ਹੈ। ਉਹ ਬੜੀ ਬੇ-ਝਕ ਹੋ ਕੇ ਨੱਚ ਰਹੀ ਸੀ। ਉਹ ਦਿਲ ਨੂੰ ਮੋਹ ਲੈਣ ਵਾਲੀ ਮੁਸਕ੍ਰਾਹਟ ਤੇ ਬੇ-ਪ੍ਰਵਾਹੀ ਨਾਲ ਤਮਾਸ਼ਬੀਨਾਂ ਤੇ ਆਪਣੇ ਸਾਥੀਆਂ ਨੂੰ ਵੇਖਦੀ ਜਾਂਦੀ ਸੀ। ਬਾਕੀ ਦਾ ਸਮਾਂ ਵੀਰੇਂਦਰ ਦੀਆਂ ਅੱਖਾਂ ਓਸ ਵਲੋਂ ਨਾ ਹਟ ਸਕੀਆਂ। ਓਸ ਨੂੰ ਐਉਂ ਜਾਪਿਆ, ਜਿਵੇਂ ਕਈ ਹੋਰ ਨੌਜਵਾਨ ਭੀ ਉਸ ਨੂੰ ਨੀਝ ਲਾ ਕੇ ਤਕ ਰਹੇ ਹਨ। ਓਹ ਐਸਾ ਭੁਲਾ ਕਿ ਓਸ ਨੂੰ ਆਪਣੇ ਸਾਥੀ ਪਾਸੋਂ ਖਿਮਾਂ ਮੰਗਣੀ ਪਈ । ਨਾਚ ਖ਼ਤਮ ਹੋਣ ਤੇ ਓਸ ਨੇ ਆਪਣੇ ਇਕ ਮਿਤ੍ਰ ਪਾਸੋਂ ਲੜਕੀ ਦਾ ਨਾਂ ਪੁਛਿਆਂ।

ਓਸ ਨੂੰ ਪਤਾ ਲਗਾ ਕਿ ਲੜਕੀ ਦਾ ਨਾਂ ਨਲਨੀ ਹੈ। ਉਸ ਦਾ ਪਿਤਾ ਇਕ ਪ੍ਰੋਫੈਸਰ ਸੀ, ਜਿਸ ਨੂੰ ਮੋਇਆਂ ਦੋ ਤਿੰਨ ਸਾਲ ਹੋ ਗਏ ਹਨ। ਓਹ ਆਜ਼ਾਦ ਖਿਆਲਾਂ ਦਾ ਆਦਮੀ ਸੀ। ਹੁਣ ਨਲਨੀ ਬਿਲਕੁਲ ਆਜ਼ਾਦ ਹੈ, ਕਿਉਂਕਿ ਉਸ ਦੀ ਮਾਤਾ ਬਚਪਨ ਵਿਚ ਹੀ ਮਰ ਗਈ ਸੀ। ਸਾਹਿਤਕ ਸ਼ੌਕ ਤੋਂ ਛੁਟ ਓਸ ਨੂੰ ਕੁਛ ਗਾਉਣ ਵਜਾਉਣ ਦਾ ਸ਼ੌਕ ਵੀ ਸੀ। ਉਸ ਦੇ ਦੋਸਤ ਨੇ ਨਲਨੀ ਵਲ ਵੇਖਦੇ ਹੋਏ ਆਖਿਆ-"ਓਹ ਖੂਬਸੂਰਤ ਹੈ, ਬੜੀ ਖੂਬਸੂਰਤ, ਪਰ ਬੱਚਿਆਂ ਵਾਂਗੂ ਚੁਲਬੁਲੀ ਤੇ ਲਾਡਲੀ ਵੀ ਹੈ।" ਫੇਰ ਓਸ ਨੇ ਵੀਰੇਂਦਰ ਦੇ ਚਿਹਰੇ ਵਲ ਤੱਕ ਕੇ ਹਸਦਿਆਂ ਹੋਇਆਂ ਆਖਿਆ-“ਤੂੰ ਹਿੰਮਤ ਕਰ,

ਅਮੁੱਕ ਨਿਰਾਸਤਾਂ ਵਿਚੋਂ
੧੧